ਅੱਜ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਪੰਜਾਬੀ ਵਿਭਾਗ ਵੱਲੋਂ “ਸਿੱਖਿਆ, ਅੰਤਰਰਾਸ਼ਟਰੀ ਆਦਾਨ ਪ੍ਰਦਾਨ ਅਤੇ ਭਾਸ਼ਾ : ਅਜੋਕੀ ਸਥਿਤੀ“ ਵਿਸ਼ੇ ਤੇ ਇੱਕ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਇਸ ਅਵਸਰ ਤੇ ਡਾ. ਜੋਗਾ ਸਿੰਘ, ਪ੍ਰੋਫੈਸਰ ਅਤੇ ਸਾਬਕਾ ਮੁਖੀ, ਭਾਸ਼ਾ ਵਿਗਿਆਨ ਤੇ ਪੰਜਾਬੀ ਕੋਸ਼ਕਾਰੀ ਵਿਭਾਗ, ਪੰਜਾਬੀ ਯੂਨੀਵਰਸਿਟੀ ਮੁੱਖ ਵਕਤਾ ਵਜੋਂ ਹਾਜ਼ਰ ਹੋਏ। ਡਾ. ਜੋਗਾ ਸਿੰਘ ਨੇ ਆਪਣੇ ਭਾਵਪੂਰਤ ਤੇ ਦਿਲਚਸਪ ਭਾਸ਼ਣ ਵਿਚ ਸੰਸਾਰ ਪੱਧਰ ਤੇ ਮਾਤ ਭਾਸ਼ਾਵਾਂ ਅਤੇ ਵਿਦੇਸ਼ੀ ਭਾਸ਼ਾਵਾਂ ਦਾ ਦੇਸ਼ ਦੀ ਖੁਸ਼ਹਾਲੀ ਤੇ ਵਪਾਰਕ ਆਦਾਨ ਪ੍ਰਦਾਨ ਵਿਚ ਯੋਗਦਾਨ ਬਾਰੇ ਵਿਸਤਾਰ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਚੀਨੀ ਭਾਸ਼ਾ 120 ਕਰੋੜ ਲੋਕ ਬੋਲਦੇ ਹਨ, ਜਦ ਕਿ ਸਪੇਨੀ ਭਾਸ਼ਾ 40 ਕਰੋੜ, ਅੰਗਰੇਜ਼ੀ ਭਾਸ਼ਾ 70 ਕਰੋੜ ਲੋਕ ਤੇ ਪੰਜਾਬੀ ਭਾਸ਼ਾ 14 ਕਰੋੜ ਲੋਕ ਬੋਲਦੇ ਹਨ। ਇਸ ਪ੍ਰਕਾਰ ਪੰਜਾਬੀ ਬੋਲਣ ਵਾਲਿਆਂ ਦਾ ਸੰਸਾਰ ਵਿਚ 10ਵਾਂ ਸਥਾਨ ਬਣਦਾ ਹੈ ਤੇ ਹਿੰਦੀ ਦਾ ਨੰਬਰ ਚੌਥੇ ਸਥਾਨ ਤੇ ਆਉਂਦਾ ਹੈ। ਮਾਈਕ੍ਰੋਸਾਫਟ ਦੇ ਅੰਕੜਿਆਂ ਅਨੁਸਾਰ ਭਾਰਤ ਵਿਚ ਵਪਾਰਕ ਆਦਾਨ ਪ੍ਰਦਾਨ ਅੰਗਰੇਜ਼ੀ ਵਿਚ ਸਿਰਫ਼ 5 ਪ੍ਰਤੀਸ਼ਤ ਤੇ 95ਪ੍ਰਤੀਸ਼ਤ ਵਪਾਰ ਭਾਰਤੀ ਭਾਸ਼ਾਵਾਂ ਵਿਚ ਹੁੁੰਦਾ ਹੈ। ਡਾ. ਜੋਗਾ ਸਿੰਘ ਨੇ ਕਿਹਾ ਕਿ ਕੰਪਿਊਟਰ, ਇੰਟਰਨੈਟ ਅਤੇ ਮੋਬਾਈਲ ਦੇ ਆਉਣ ਨਾਲ ਅੰਗਰੇਜ਼ੀ ਦਾ ਮਹੱਤਵ ਘਟਿਆ ਹੈ ਤੇ ਸਥਾਨਕ ਭਾਸ਼ਾਵਾਂ ਦੀ ਵਰਤੋਂ ਵਧੀ ਹੈ। ਇਹੀ ਸਥਿਤੀ ਅਖ਼ਬਾਰਾਂ, ਰਸਾਲਿਆਂ ਅਤੇ ਟੀ.ਵੀ. ਚੈਨਲਾਂ ਦੀ ਹੈ। ਵਿਦਵਾਨ ਵਕਤਾ ਨੇ ਯੂਨੈਸਕੋ ਦੇ ਦਸਤਾਵੇਜ਼ਾਂ ਅਤੇ ਸੰਸਾਰ ਪੱਧਰ ਤੇ ਮਾਨਤਾ ਪ੍ਰਾਪਤ ਖੋਜ ਅਤੇ ਅੰਕੜਿਆਂ ਦੇ ਹਵਾਲੇ ਦੇ ਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਮਾਤ ਭਾਸ਼ਾ ਦੇ ਮਾਧਿਅਮ ਰਾਹੀਂ ਪੜ੍ਹਾਈ ਕਰਵਾਉਣ ਨਾਲ ਜਿਨੇ ਚੰਗੇ ਨਤੀਜੇ ਨਿਕਲ ਸਕਦੇ ਹਨ, ਉਨੇ ਵਿਦੇਸ਼ੀ ਭਾਸ਼ਾ ਵਿੱਚ ਪੜ੍ਹਾਈ ਕਰਵਾਉਣ ਨਾਲ ਨਹੀਂ ਨਿਕਲਦੇ। ਵਿਦੇਸ਼ੀ ਭਾਸ਼ਾ ਉਹ ਬੱਚਾ ਚੰਗੀ ਤਰ੍ਹਾਂ ਸਿੱਖ ਸਕਦਾ ਹੈ ਜਿਸਨੂੰ ਆਪਣੀ ਮਾਤ-ਭਾਸ਼ਾ ਤੇ ਮੁਹਾਰਤ ਹੈ। ਵਿਦੇਸ਼ੀ ਭਾਸ਼ਾਵਾਂ ਨੂੰ ਸਿੱਖਿਆ ਦੇ ਮਾਧਿਅਮ ਦੀ ਥਾਂ ਚੋਣਵੇਂ ਵਿਸ਼ੇ ਦੇ ਰੂਪ ਵਿੱਚ ਹੀ ਪੜ੍ਹਾਉਣਾ ਚਾਹੀਦਾ ਹੈ। ਅੰਗਰੇਜ਼ੀ ਭਾਸ਼ਾ ਉਸ ਉਮਰ ਤੋਂ ਹੀ ਪੜ੍ਹਾਉਣੀ ੁਰੂ ਕਰਨੀ ਚਾਹੀਦੀ ਹੈ, ਜਦੋਂ ਬੱਚਾ ਆਪਣੀ ਮਾਤ ਭਾਸ਼ਾ ਸਿੱਖ ਚੁੱਕਿਆ ਹੋਵੇ। ਡਾ. ਜੋਗਾ ਸਿੰਘ ਨੇ ਇਹ ਵੀ ਕਿਹਾ ਕਿ ਮਾਤ ਭਾਸ਼ਾ ਦੀ ਪੜ੍ਹਾਈ ਅੰਗਰੇਜ਼ੀ ਸਿੱਖਣ ਦੇ ਰਾਹ ਵਿੱਚ ਰੁਕਾਵਟ ਕਦੇ ਨਹੀਂ ਬਣਦੀ। ਪੰਜਾਬ ਵਿੱਚ ਪੰਜਾਬੀ ਦੀ ਸਥਿਤੀ ਬਾਰੇ ਉਨ੍ਹਾਂ ਮਿਸਾਲ ਦੇ ਕੇ ਕਿਹਾ ਕਿ ਨਿਊਯਾਰਕ ਦੇ ਹਸਪਤਾਲ ਸਾਹਮਣੇ 50 ਭਾਸ਼ਾਵਾਂ ਵਿੱਚ ਲਿਖਿਆ ਬੋਰਡ ਲੱਗਾ ਹੈ ਅਤੇ ਹਸਪਤਾਲ ਅੰਦਰ ਪੰਜਾਬੀ ਵਿੱਚ ਗੱਲਬਾਤ ਕੀਤੀ ਜਾ ਸਕਦੀ ਹੈ, ਪਰ ਅਫ਼ਸੋਸ ਦੀ ਗੱਲ ਹੈ ਕਿ ਪੀ.ਜੀ.ਆਈ. ਜਾਂ ਚੰਡੀਗੜ੍ਹ ਵਿੱਚ ਪੰਜਾਬੀ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ। ਲੋਕ ਭਲਾਈ ਦੀਆਂ ਸਕੀਮਾਂ ਦੀ ਜਾਣਕਾਰੀ ਅੰਗਰੇਜ਼ੀ ਵਿੱਚ ਲਿਖੇ ਪੱਤਰਾਂ ਰਾਹੀਂ ਪੰਚਾਇਤਾਂ ਨੂੰ ਦਿੱਤੀ ਜਾ ਰਹੀ ਹੈ। ਇਹੀ ਸਥਿਤੀ ਅਦਾਲਤਾਂ ਵਿੱਚ ਵਰਤੀ ਜਾਣ ਵਾਲੀ ਭਾਸ਼ਾ ਦੀ ਹੈ। ਇਸ ਦੇ ਉਲਟ ਦੱਖਣੀ ਕੋਰੀਆ, ਚੀਨ, ਰੂਸ, ਜਾਪਾਨ, ਫਰਾਂਸ ਅਤੇ ਜਰਮਨੀ ਆਦਿ ਮੁਲਕਾਂ ਨੇ ਆਪਣੀਆਂ ਸਥਾਨਕ ਭਾਸ਼ਾਵਾਂ ਰਾਹੀਂ ਹੀ ਵਪਾਰ, ਵਿਗਿਆਨ, ਤਕਨਾਲੋਜੀ ਅਤੇ ਸਿੱਖਿਆ ਦੇ ਖੇਤਰ ਵਿੱਚ ਵੱਡੀ ਤਰੱਕੀ ਕੀਤੀ ਹੈ। ਭਾਰਤ ਦੇ ਅਮੀਰ ਭਾਸ਼ਾਈ ਵਿਰਸੇ ਨੂੰ ਧਿਆਨ ਵਿੱਚ ਰੱਖ ਕੇ ਭਾਰਤ ਸਰਕਾਰ ਨੂੰ ਅਜਿਹੀ ਭਾਸ਼ਾ ਨੀਤੀ ਬਣਾਉਣੀ ਚਾਹੀਦੀ ਹੈ ਜਿਸ ਨਾਲ ਨੌਜਵਾਨਾਂ ਨੂੰ ਰੋਜ਼ਗਾਰ ਦੇ ਵਧੇਰੇ ਮੌਕੇ ਮਿਲਣ ਅਤੇ ਉਹ ਗੁਲਾਮੀ ਦੀ ਪ੍ਰਤੀਕ ਅੰਗਰੇਜ਼ੀ ਭਾਸ਼ਾ ਦੇ ਡਰ ਤੋਂ ਮੁਕਤ ਹੋ ਕੇ ਸਿੱਖਿਆ ਪ੍ਰਾਪਤ ਕਰ ਸਕਣ।

ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਮੁੱਖ ਵਕਤਾ ਦਾ ਸਵਾਗਤ ਕਰਦਿਆਂ ਕਿਹਾ ਕਿ ਸੰਸਾਰ ਪੱਧਰ ਤੇ ਭਾਸ਼ਾਵਾਂ ਦਾ ਮਸਲਾ ਅੱਜ-ਕੱਲ੍ਹ ਚਰਚਾ ਵਿੱਚ ਆਇਆ ਹੋਇਆ ਹੈ ਅਤੇ ਅੰਗਰੇਜ਼ੀ ਦੇ ਨਾਲ ਨਾਲ ਖੇਤਰੀ ਭਾਸ਼ਾਵਾਂ ਵੀ ਸੰਚਾਰ ਅਤੇ ਵਪਾਰਕ ਆਦਾਨ ਪ੍ਰਦਾਨ ਦਾ ਮਾਧਿਅਮ ਬਣ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਾਸ਼ਾਵਾਂ ਦੇ ਮੱਸਲੇ ਤੇ ਸਾਨੂੰ ਰਵਾਇਤੀ ਨੀਤੀ ਤਿਆਗ ਕੇ ਖੇਤਰੀ ਭਾਸ਼ਾਵਾਂ ਦੇ ਮਹੱਤਵ ਨੂੰ ਸਮਝਣਾ ਚਾਹੀਦਾ ਹੈ।
ਡਾ. ਗੁਰਦੀਪ ਸਿੰਘ ਨੇ ਵਿਦਵਾਨ ਵਕਤਾ ਵੱਲੋਂ ਭਾਸ਼ਾਵਾਂ ਦੇ ਖੇਤਰ ਵਿੱਚ ਕੀਤੇ ਖੋਜ-ਕਾਰਜ ਦੀ ਸੰਖੇਪ ਜਾਣਕਾਰੀ ਦਿੱਤੀ। ਵਿਦਿਆਰਥੀਆਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦਿੰਦਿਆਂ ਡਾ. ਜੋਗਾ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਵੱਲੋਂ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਕੀਤੇ ਜਾ ਰਹੇ ਕਾਰਜਾਂ ਦੀ ਜਾਣਕਾਰੀ ਦਿੱਤੀ। ਵਿਭਾਗ ਦੇ ਮੁਖੀ ਪ੍ਰੋ. ਬਲਵੀਰ ਸਿੰਘ ਨੇ ਮੰਚ ਸੰਚਾਲਨ ਬਾਖੂਬੀ ਨਿਭਾਇਆ। ਡਾ. ਹਰਚਰਨ ਸਿੰਘ ਨੇ ਮੁੱਖ ਵਕਤਾ ਅਤੇ ਬਾਕੀ ਮਹਿਮਾਨਾਂ ਦਾ ਧੰਨਵਾਦ ਕੀਤਾ।