ਪਟਿਆਲਾ 09 ਫਰਵਰੀ, 2016

ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਅੱਜ ਰਸਾਇਣ ਵਿਗਿਆਨ ਵਿਭਾਗ ਵੱਲੋਂ ਰੂਸ ਦੇ ਮਹਾਨ ਰਸਾਇਣ ਵਿਗਿਆਨੀ ਦਮਿੱਤਰੀ ਇਵਾਨੋਵਿਚ ਮੈਂਡਲੀਵ ਦੇ ਜਨਮ ਦਿਨ ਮੌਕੇ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ| ਕਾਲਜ ਦੇ ਡੀਨ ਰਿਸਰਚ ਡਾ. ਰਾਜੀਵ ਸ਼ਰਮਾ ਨੇ ਕਿਹਾ ਕਿ ਮੈਂਡਲੀਵ ਦੁਆਰਾ ਦਿੱਤੇ ਗਏ ਮੈਂਡਲੀਵ ਆਵਰਤੀ ਸਿਧਾਂਤ ਦੇ ਆਧਾਰ ਤੇ ਮੈਂਡਲੀਵ ਆਵਰਤੀ ਸਾਰਣੀ ਵਿਕਸਿਤ ਹੋਈ, ਜੋ ਰਸਾਇਣ ਵਿਗਿਆਨ ਵਿਸ਼ੇ ਦੀ ਪੜ੍ਹਾਈ ਨੂੰ ਸੌਖਾ ਬਣਾਉਣ ਵਿਚ ਬਹੁਤ ਹੀ ਸਹਾਈ ਸਿੱਧ ਹੋਈ ਹੈ|

ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਹੈਲਮੋਲਟਜ਼ ਸੈਂਟਰ ਮਿਊਨਿਕ ਜਰਮਨੀ ਤੋਂ ਆਏ ਵਿਗਿਆਨੀ ਡਾ. ਮੁਰਾਦ ਹਰੀਰ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਰਸਾਇਣ ਵਿਗਿਆਨ ਵਿਭਾਗ ਤੋਂ ਆਏ ਡਾ. ਅਸ਼ੋਕ ਮਲਿਕ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਰਸਾਇਣ ਵਿਗਿਆਨ ਸਾਰਿਆਂ ਵਿਗਿਆਨਾਂ ਦਾ ਸਰੋਤ ਹੈ ਅਤੇ ਮਨੁੱਖੀ ਜੀਵਨ ਸ਼ੈਲੀ ਨੂੰ ਸੁਖਾਵਾਂ ਬਣਾਉਣ ਲਈ ਇਸ ਨੇ ਅਹਿਮ ਭੂਮਿਕਾ ਅਦਾ ਕੀਤੀ ਹੈ| ਉਹਨਾਂ ਇਹ ਵੀ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਵਿਚ ਵਿਗਿਆਨ ਅਤੇ ਖੋਜ ਪ੍ਰਤੀ ਰੁਚੀ ਪੈਦਾ ਕਰਨ ਵਿਚ ਬਹੁਤ ਸਹਾਈ ਸਿੱਧ ਹੁੰਦੇ ਹਨ| ਆਪਣੇ ਭਾਸ਼ਣ ਵਿਚ ਡਾ. ਮੁਰਾਦ ਹਰੀਰ ਨੇ ਮਾਸ ਸਪੈਕਟਰੋਮੀਟਰੀ ਦੀ ਮੁਢਲੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਤਕਨੀਕ ਦੀ ਵਰਤੋਂ ਵਾਤਾਵਰਨ ਨੂੰ ਸਾਫ਼ ਸੁਥਰਾ ਬਣਾਉਣ ਲਈ ਕੀਤੇ ਜਾਣ ਵਾਲੇ ਅਧਿਐਨ ਦੌਰਾਨ ਕੀਤੀ ਜਾ ਸਕਦੀ ਹੈ| ਉਹਨਾਂ ਅਨੁਸਾਰ ਬਾਇਓਮਾਸ ਅਤੇ ਡੀਜਲ ਆਦਿ ਦੇ ਜਲਣ ਤੋਂ ਪੈਦਾ ਹੋਣ ਵਾਲੇ ਪ੍ਰਦੂਸ਼ਣ ਕਾਰਕਾਂ ਦਾ ਵਿਸਲੇਸ਼ਣ ਕਰਕੇ ਬਹੁਤ ਹੀ ਮਹੀਨ ਕਣਾਂ ਦਾ ਵੀ ਪਤਾ ਲਗਾਇਆ ਜਾ ਸਕਦਾ ਹੈ|

ਪ੍ਰੋਫੈਸਰ ਅਸ਼ੋਕ ਮਲਿਕ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਰਸਾਇਣਕ ਕੀਟਨਾਸ਼ਕਾਂ ਅਤੇ ਨਦੀਨ ਨਾਸ਼ਕਾਂ ਨੇ ਸਾਡੇ ਵਾਤਾਵਰਨ ਨੂੰ ਬਹੁਤ ਹੀ ਜ਼ਹਿਰੀਲਾ ਕਰ ਦਿੱਤਾ ਹੈ| ਇਹਨਾਂ ਦੀ ਅਨਿਯਮਿਤ ਵਰਤੋਂ ਕਾਰਨ ਹਵਾ, ਪਾਣੀ ਅਤੇ ਭੋਜਨ ਜ਼ਹਿਰੀਲੇ ਹੋ ਚੁੱਕੇ ਹਨ ਅਤੇ ਇਹ ਮਨੁੱਖ ਵਿਚ ਕੈਂਸਰ ਜਿਹੀਆਂ ਬਿਮਾਰੀਆਂ ਪੈਦਾ ਕਰਨ ਵਾਲੇ ਮੁੱਖ ਕਾਰਕ ਹਨ| ਉਹਨਾਂ ਨੇ ਇਹਨਾਂ ਦਾ ਰਸਾਇਣਕ ਵਿਸਲੇਸ਼ਣ ਕਰਨ ਲਈ ਸੌਖੇ ਤਰੀਕਿਆਂ ਦੀ ਜਾਣਕਾਰੀ ਦਿੱਤੀ ਤੇ ਸਾਫ਼ ਸੁਥਰੇ ਵਾਤਾਵਰਨ ਲਈ ਵਚਨਬੱਧ ਰਹਿਣ ਤੇ ਜ਼ੋਰ ਦਿੱਤਾ|

ਡਾ. ਮੀਨੂ ਅਰੋੜਾ ਨੇ ਧੰਨਵਾਦੀ ਸ਼ਬਦ ਕਹੇ| ਇਸ ਸਮਾਗਮ ਵਿਚ ਡਾ. ਅਵਨੀਸ਼ ਸ਼ਰਮਾ, ਡਾ. ਅਨੁਪਮਾ ਪਰਮਾਰ, ਡਾ. ਹਰਜਿੰਦਰ ਸਿੰਘ, ਸੰਜੀਵ ਕੁਮਾਰ, ਚਿਤਰਾਂਗਨਾ, ਚਿਤਰਾਂਸ਼ੀ, ਪ੍ਰਿਅੰਕਾ, ਕਸ਼ਿਸ਼ ਜੈਨ, ਮਨਪ੍ਰੀਤ ਕੌਰ, ਰਵਨੀਤ ਕੌਰ, ਅਤੇ ਮਿਲਨਪ੍ਰੀਤ ਕੌਰ ਵੀ ਮੌਜੂਦ ਸਨ| ਵਿਦਵਾਨ ਵਕਤਾਵਾਂ ਵੱਲੋਂ ਵਿਦਿਆਰਥੀਆਂ ਦੇ ਸਵਾਲਾਂ ਦੇ ਤਸੱਲੀਬਖਸ਼ ਜਵਾਬ ਵੀ ਦਿੱਤੇ ਗਏ|

 
#mhrd #mmmcpta #PhysicalSciences #Chemistry #DmitryIvanovichMedliv #Russia