ਪਟਿਆਲਾ: 27 ਮਾਰਚ, 2015

ਅੱਜ ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਕਾਲਜ ਦੀ ਸਾਲਾਨਾ ਕਨਵੋਕੇਸ਼ਨ ਦਾ ਆਯੋਜਨ ਕੀਤਾ ਗਿਆ। ਡਾ. ਜਸਪਾਲ ਸਿੰਘ, ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਪੋਸਟ ਗ੍ਰੈਜੂਏਟ ਅਤੇ ਗ੍ਰੈਜੂਏਟ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਤੇ ਕਨਵੋਕੇਸ਼ਨ ਭਾਸ਼ਣ ਦਿੱਤਾ। ਆਪਣੇ ਕਨਵੋਕੇਸ਼ਨ ਭਾਸ਼ਣ ਵਿਚ ਉਨ੍ਹਾਂ ਨੇ ਕਿਹਾ ਕਿ ਮੋਦੀ ਕਾਲਜ ਨੇ ਸਿੱਖਿਆ ਦੇ ਹਰ ਖੇਤਰ ਵਿਚ ਉੱਚੇ ਮਿਆਰ ਸਥਾਪਤ ਕੀਤੇ ਹਨ ਤੇ ਉਸਾਰੂ ਵਿਦਿਅਕ ਮਹੌਲ ਕਾਇਮ ਰੱਖਿਆ ਹੈ। ਪੰਜਾਬੀ ਯੂਨੀਵਰਸਿਟੀ ਵੱਲੋਂ ਖੇਡਾਂ ਦੇ ਖੇਤਰ ਵਿੱਚ ਕੌਮੀ ਪੱਧਰ ਤੇ ਪ੍ਰਾਪਤ ਕੀਤੀ ਮਾਕਾ ਟਰਾਫ਼ੀ ਵਿਚ ਵੀ ਇਸ ਕਾਲਜ ਦੇ ਖਿਡਾਰੀਆਂ ਦਾ ਵੱਡਾ ਯੋਗਦਾਨ ਹੈ।

ਉਨ੍ਹਾਂ ਨੇ ਡਾ. ਰਾਧਾ ਕ੍ਰਿਸ਼ਨਨ ਦੇ ਕਥਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਸੰਪੂਰਨ ਮਨੁੱਖ ਤਾਂ ਹੀ ਬਣ ਸਕਦਾ ਹੈ ਜੇ ਉਸ ਵਿਚ ਮਾਨਵਤਾ ਦਾ ਜਜ਼ਬਾ ਹੋਵੇ। ਗ੍ਰੈਜੂਏਸ਼ਨ ਤੇ ਪੋਸਟ ਗ੍ਰੈਜੂਏਸ਼ਨ ਦੀ ਪੜ੍ਹਾਈ ਕਰਕੇ ਵੀ ਜੇ ਦੂਜਿਆ ਦਾ ਕੁਝ ਸੰਵਾਰਨ ਦਾ ਜਜਬਾ ਪੈਦਾ ਨਹੀਂ ਹੁੰਦਾ ਤਾਂ ਉਹ ਪੜ੍ਹਾਈ ਅਧੂਰੀ ਹੈ। ਪੜ੍ਹਾਈ ਅਤੇ ਗਿਆਨ ਦਾ ਮੰਤਵ ਸਮਾਜ ਦੀ ਬਿਹਤਰੀ ਹੀ ਹੈ। ਉਨ੍ਹਾਂ ਨੇ ਬਾਬਾ ਫਰੀਦ, ਕਬੀਰ ਤੇ ਬਾਬਾ ਨਾਨਕ ਦੇ ਹਵਾਲੇ ਨਾਲ ਕਿਹਾ ਕਿ ਗਿਆਨ ਤਾਂ ਬੀਤ ਚੁੱਕੇ ਸਮੇਂ ਬਾਰੇ ਹੁੰਦਾ ਹੈ, ਜਦਕਿ ਸਿਆਣਪ ਭਵਿੱਖ ਮੁਖੀ ਦ੍ਰਿਸ਼ਟੀ ਪ੍ਰਦਾਨ ਕਰਦੀ ਹੈ। ਸਿੱਖਿਆ ਪ੍ਰਾਪਤੀ ਦਾ ਮਕਸਦ ਸਿਆਣਪ ਹਾਸਲ ਕਰਨਾ ਹੀ ਹੋਣਾ ਚਾਹੀਦਾ ਹੈ। ਕਿਸੇ ਮੁਲਕ ਦੀ ਤਰੱਕੀ ਦਾ ਅੰਦਾਜ਼ਾ ਉਸ ਮੁਲਕ ਦੀ ਸਿੱਖਿਆ ਦੇ ਮਿਆਰ ਤੇ ਪਸਾਰ ਤੋਂ ਲਗ ਸਕਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਗਿਆਨ ਦੀ ਵਰਤੋਂ ਸਮਾਜ ਦੇ ਪੱਛੜੇ ਤੇ ਅਣਗੌਲੇ ਵਰਗਾਂ ਦੀ ਭਲਾਈ ਲਈ ਕਰਨ। ਦੇਸ਼ ਵਿਚ ਵੰਨ ਸੁਵੰਨਤਾ ਤੇ ਵਿਭਿੰਨਤਾ ਦੇ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਤੇ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਵਿਕਸਤ ਕਰਨ ਲਈ ਯਤਨ ਕਰਨ।

ਕਾਲਜ ਦੇ ਪ੍ਰਿੰਸੀਪਲ ਡਾ ਖੁਸ਼ਵਿੰਦਰ ਕੁਮਾਰ ਨੇ ਮੁੱਖ ਮਹਿਮਾਨ ਦਾ ਨਿੱਘਾ ਸਵਾਗਤ ਕਰਦਿਆਂ ਕਾਲਜ ਦੀਆਂ ਪਿਛਲੇ ਵਰ੍ਹੇ ਦੀਆਂ ਚੋਣਵੀਆਂ ਪ੍ਰਾਪਤੀਆਂ ਦਾ ਵੇਰਵਾ ਦਿੱਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਸੰਪੂਰਨ ਕਰਨ ਤੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਉਹ ਆਪਣੀ ਸੂਝ, ਸਿਆਣਪ ਅਤੇ ਵਿਦਵਤਾ ਨਾਲ ਸਮਾਜ ਵਿਚ ਆਪਣੀ ਵੱਖਰੀ ਪਛਾਣ ਬਣਾਉਣ। ਕਨਵੋਕੇਸ਼ਨ ਦੇ ਅਰੰਭ ਵਿਚ ਵਿਦਿਆਰਥੀਆਂ ਵੱਲੋਂ ਸਰਸਵਤੀ ਵੰਦਨਾ ਅਤੇ ਸ਼ਬਦ ਗਾਇਨ ਪ੍ਰਸਤੁਤ ਕੀਤਾ ਗਿਆ।

ਕਾਲਜ ਦੇ ਰਜਿਸਟਰਾਰ ਡਾ. ਹਰਚਰਨ ਸਿੰਘ ਨੇ ਦੱਸਿਆ ਕਿ ਕਨਵੋਕੇਸ਼ਨ ਦੌਰਾਨ ਸਾਲ 2013੍ਰ14 ਦੇ ਐਮ.ਐਸੀ.ਸੀ. (ਕੈਮਿਸਟਰੀ, ਫਰਮਾਸਿਊਟੀਕਲ ਕੈਮਿਸਟਰੀ, ਮੈਥੇਮੈਟਿਕਸ, ਬਾਇਓ ਟੈਕਨਾਲੋਜੀ, ਸੂਚਨਾ ਤਕਨਾਲੋਜੀ, ਫੈਸ਼ਨ ਡਿਜ਼ਾਇਨਿੰਗ) ਅਤੇ ਐਮ. ਕਾਮ. ਦੇ ਪਾਸ ਵਿਦਿਆਰਥੀਆਂ ਤੋਂ ਇਲਾਵਾ ਆਰਟਸ, ਸਾਇੰਸ, ਕਾਮਰਸ, ਕੰਪਿਊਟਰ ਤੇ ਮੈਨੇਜਮੈਂਟ ਵਿਸ਼ਿਆਂ ਦੇ 541 ਗ੍ਰੈਜੂਏਟਸ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ।

ਕਾਲਜ ਦੀ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਕਰਨਲ (ਰਿਟਾਇਰਡ) ਕਰਮਿੰਦਰ ਸਿੰਘ, ਪ੍ਰੋ. ਸੁਰਿੰਦਰ ਲਾਲ ਅਤੇ ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਮੁੱਖ ਮਹਿਮਾਨ ਨੂੰ ਯਾਦ ਚਿੰਨ੍ਹ ਅਤੇ ਸ਼ਾਲ ਭੇਟ ਕਰਕੇ ਸਨਮਾਨਿਤ ਕੀਤਾ।

ਡਾ. ਵਿਨੇ ਕੁਮਾਰ ਜੈਨ, ਪ੍ਰੋ. ਨਿਰਮਲ ਸਿੰਘ, ਪੋz. ਪੂਨਮ ਮਲਹੋਤਰਾ, ਡਾ. ਅਸ਼ਵਨੀ ਸ਼ਰਮਾ, ਡਾ. ਨੀਰਜ ਗੋਇਲ ਤੇ ਪ੍ਰੋ. ਵਿਨੇ ਗਰਗ ਨੇ ਕਨਵੋਕੇਸ਼ਨ ਦੌਰਾਨ ਡਿਗਰੀਆਂ ਪ੍ਰਦਾਨ ਕਰਾਉਣ ਵਿਚ ਆਪਣੀ ਭੂਮਿਕਾ ਨਿਭਾਈ।

ਡਾ. ਹਰਮੀਤ ਕੌਰ ਅਨੰਦ, ਪ੍ਰਿੰਸੀਪਲ ਮਾਤਾ ਸਾਹਿਬ ਕੌਰ ਖਾਲਸਾ ਗਰਲਜ਼ ਕਾਲਜ, ਪਟਿਆਲਾ ਅਤੇ ਪਬਲਿਕ ਕਾਲਜ ਸਮਾਣਾ ਦੇ ਪ੍ਰਿੰਸੀਪਲ ਡਾ. ਅਰਵਿੰਦ ਮੋਹਨ ਨੇ ਵੀ ਇਸ ਸਮਾਰੋਹ ਵਿਚ ਸ਼ਿਰਕਤ ਕੀਤੀ।

ਪੋz. ਬਲਵੀਰ ਸਿੰਘ ਤੇ ਪ੍ਰੋ. ਅਜੀਤ ਕੁਮਾਰ ਨੇ ਮੰਚ ਸੰਚਾਲਨ ਦੇ ਫਰਜ਼ ਬਾਖੂਬੀ ਨਿਭਾਏ।

ਡਾ. ਵਿਨੇ ਕੁਮਾਰ ਜੈਨ ਅਤੇ ਡਾ. ਹਰਚਰਨ ਸਿੰਘ ਨੇ ਧੰਨਵਾਦ ਦੇ ਸ਼ਬਦ ਕਹੇ।

(ਡਾ ਖੁਸ਼ਵਿੰਦਰ ਕੁਮਾਰ)
ਪ੍ਰਿੰਸੀਪਲ