ਪਟਿਆਲਾ: 22 ਸਤੰਬਰ, 2014

ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਵਿਸਤਾਰ ਭਾਸ਼ਣਾਂ ਦੀ ਚਲ ਰਹੀ ਲੜੀ ਵਿਚ ਪੰਜਾਬੀ ਵਿਭਾਗ ਵਲੋਂ “ਸੰਸਾਰੀਕਰਨ ਅਤੇ ਭਾਰਤੀ ਸਭਿਆਚਾਰ ਉਂਤੇ ਇਸ ਦੇ ਪ੍ਰਭਾਵ“ ਵਿਸ਼ੇ ਤੇ ਇਕ ਵਿਸ਼ੇਸ਼ ਭਾਸ਼ਣ ਆਯੋਜਿਤ ਕੀਤਾ ਗਿਆ ਜਿਸ ਵਿਚ ਪੰਜਾਬੀ ਯੂਨੀਵਰਸਿਟੀ ਦੇ ਮਾਨਵ ਭਾਸ਼ਾ-ਵਿਗਿਆਨ ਅਤੇ ਪੰਜਾਬੀ ਭਾਸ਼ਾ ਵਿਭਾਗ ਦੇ ਪ੍ਰੋਫੈਸਰ ਅਤੇ ਸਾਬਕਾ ਮੁਖੀ ਡਾ. ਸੁਰਜੀਤ ਲੀ ਮੁੱਖ ਵਕਤਾ ਵਜੋਂ ਪਹੁੰਚੇ। ਆਪਣੇ ਵਿਦਵਤਾ ਭਰਪੂਰ ਭਾਸ਼ਣ ਵਿਚ ਵਿਦਵਾਨ ਵਕਤਾ ਨੇ ਸੰਸਾਰੀਕਰਨ ਦੇ ਇਤਿਹਾਸਕ ਪਰਿਪੇਖ ਨੂੰ ਵਿਸਤਾਰ ਵਿਚ ਪੇਸ਼ ਕਰਦਿਆਂ ਦੱਸਿਆ ਕਿ ਬਸਤੀਵਾਦੀ ਦੌਰ ਵਿਚ ਅੰਗਰੇਜ਼ਾਂ ਨੇ ਭਾਰਤ ਦੀਆਂ ਨਰੋਈਆਂ ਸਮਾਜਕ, ਸਭਿਆਚਾਰਕ ਅਤੇ ਇਖ਼ਲਾਕੀ ਕਦਰਾਂ-ਕੀਮਤਾਂ ਨੂੰ ਨਕਾਰਦਿਆਂ ਆਪਣੀਆਂ ਲੋੜਾਂ ਅਨੁਸਾਰ ਪੱਛਮੀ ਜਗਤ ਦੀਆਂ ਕੀਮਤਾਂ ਨੂੰ ਪ੍ਰਚਾਰਿਆ ਅਤੇ ਪ੍ਰਸਾਰਿਆ। ਸਿੱਟੇ ਵਜੋਂ ਭਾਰਤੀ ਲੋਕ ਹੀਣ-ਭਾਵਨਾ ਦਾ ਸ਼ਿਕਾਰ ਹੁੰਦੇ ਗਏ ਤੇ ਹੌਲੀ ਹੌਲੀ ਆਪਣੇ ਮੁੱਲਵਾਨ ਵਿਰਸੇ ਨੂੰ ਭੁੱਲਦੇ ਗਏ।

ਵਿਦਵਾਨ ਵਕਤਾ ਨੇ ਕਿਹਾ ਕਿ ਸੂਚਨਾ ਤਕਨਾਲੋਜੀ ਅਤੇ ਵਿਸ਼ਵ ਵਪਾਰ ਨੂੰ ਸੰਸਾਰੀਕਰਨ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਜਦ ਕਿ ਸੱਚਾਈ ਇਹ ਹੈ ਕਿ ਪੱਛੜੇ ਮੁਲਕਾਂ ਨੂੰ 10-10 ਸਾਲ ਪੁਰਾਣੀ ਸੂਚਨਾ ਹੀ ਪਰੋਸੀ ਜਾ ਰਹੀ ਹੈ ਤੇ ਉਹ ਵੀ ਪੂਰੀ ਨਹੀਂ, ਸਗੋਂ ਪੁਣ-ਛਾਣ ਕੇ ਮੁਹੱਈਆਂ ਕਰਵਾਈ ਜਾਂਦੀ ਹੈ। ਮੀਡੀਆ ਦੇ ਰੋਲ ਬਾਰੇ ਉਨ੍ਹਾਂ ਨੇ ਕਿਹਾ ਕਿ ਖ਼ੱਪਤਕਾਰੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਵਾਲੇ ਪ੍ਰੋਗਰਾਮ ਧੜਾਧੜ ਦਿਖਾਏ ਜਾ ਰਹੇ ਹਨ, ਜਦ ਕਿ ਇਸਦੇ ਵਿਰੋਧ ਵਿਚ ਉਂਭਰ ਰਹੀ ਆਵਾਜ਼ ਨੂੰ ਮੀਡੀਆ ਰਾਹੀਂ ਪੇਸ਼ ਹੀ ਨਹੀਂ ਹੋਣ ਦਿੱਤਾ ਜਾਂਦਾ। ਸੁੰਦਰਤਾ ਮੁਕਾਬਲਿਆਂ ਰਾਹੀਂ ਤੀਜੀ ਦੁਨੀਆਂ ਦੇ ਦੇਸ਼ਾਂ ਵਿਚ ਸਰੀਰਕ ਸੁੰਦਰਤਾ ਅਤੇ ਫੈਸ਼ਨ ਨਾਲ ਸੰਬੰਧਤ ਉਤਪਾਦਨਾਂ ਦੇ ਵਪਾਰ ਨੂੰ ਪ੍ਰਫੁੱਲਤ ਕਰਨ ਦਾ ਯਤਨ ਕੀਤਾ ਜਾਂਦਾ ਹੈ, ਜਿਨ੍ਹਾਂ ਨੂੰ ਪੱਛਮ ਦੇ ਲੋਕ ਪਹਿਲਾਂ ਹੀ ਨਕਾਰ ਚੁੱਕੇ ਹਨ। ਮੀਡੀਆ ਰਾਹੀਂ ਇੱਕ ਅਜਿਹਾ ਸੁਪਨ-ਸੰਸਾਰ ਪਰੋਸਿਆ ਜਾ ਰਿਹਾ ਹੈ ਜਿਸ ਦਾ ਤੀਜੀ ਦੁਨੀਆਂ ਦੇ ਲੋਕਾਂ ਦੇ ਯਥਾਰਥਕ ਜੀਵਨ ਨਾਲ ਕੋਈ ਸਬੰਧ ਨਹੀਂ। ਅਸਲ ਵਿਚ ਸਭਿਆਚਾਰਕ ਮਨੁੁੱਖ ਨੂੰ ਖ਼ਪਤਕਾਰ ਮਨੁੱਖ ਵਿਚ ਤਬਦੀਲ ਕਰਨ ਦਾ ਯਤਨ ਹੋ ਰਿਹਾ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਦੱਖਣੀ ਭਾਰਤ ਦੇ ਲੋਕ ਅਤੇ ਬੰਗਾਲੀ ਲੋਕ ਆਪਣੇ ਸਭਿਆਚਾਰਕ ਮੁੱਲਾਂ ਨੂੰ ਬਚਾਉਣ ਲਈ ਪੰਜਾਬੀਆਂ ਨਾਲੋਂ ਵਧੇਰੇ ਸੁਚੇਤ ਅਤੇ ਯਤਨਸ਼ੀਲ ਹਨ। ਅਜੋਕਾ ਦੌਰ ਸਭਿਆਚਾਰ ਉਂਥਲ-ਪੁਂਥਲ ਦਾ ਦੌਰ ਹੈ, ਜਿਸ ਵਿਚ ਵੱਡੇ-ਵੱਡੇ ਮਾਲ ਤਾਂ ਖੁੱਲ੍ਹ ਰਹੇ ਹਨ, ਪਰ ਸਭਿਆਚਾਰਕ ਤੇ ਇਖਲਾਕੀ ਕਦਰਾਂ ਕੀਮਤਾਂ ਖੁਰ ਰਹੀਆਂ ਹਨ।

ਵਿਦਵਾਨ ਵਕਤਾ ਨੇ ਅਖ਼ੀਰ ਵਿਚ ਕਿਹਾ ਕਿ ਸਾਨੂੰ ਆਪਣੇ ਵਿਰਸੇ ਚੋਂ ਨਰੋਈਆਂ ਮਾਨਵੀ ਅਤੇ ਸਭਿਆਚਾਰਕ ਕਦਰਾਂ ਕੀਮਤਾਂ ਨੂੰ ਅਪਣਾ ਕੇ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਬਚਾਉਣਾ ਚਾਹੀਦਾ ਹੈ। ਬੁੱਧੀਜੀਵੀ ਵਰਗ ਇਸ ਦਿਸ਼ਾ ਵਿਚ ਉਸਾਰੂ ਭੂਮਿਕਾ ਨਿਭਾ ਸਕਦਾ ਹੈ।

ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਕਿਹਾ ਕਿ ਸੰਸਾਰੀਕਰਨ ਨੇ ਜਿੱਥੇ ਲੋਕਾਂ ਦਰਮਿਆਨ ਸੂਚਨਾ-ਸੰਚਾਰ ਅਤੇ ਮੇਲ ਮਿਲਾਪ ਦੀਆਂ ਸੰਭਾਵਨਾਵਾਂ ਬਹੁਤ ਵਧਾ ਦਿੱਤੀਆਂ ਹਨ, ਉਥੇ ਮਨੁੱਖ ਸਾਹਮਣੇ ਬਹੁਤ ਸਾਰੀਆਂ ਵੰਗਾਰਾਂ ਵੀ ਪੈਦਾ ਕਰ ਦਿੱਤੀਆਂ ਹਨ। ਡਾ. ਹਰਚਰਨ ਸਿੰਘ ਨੇ ਵਿਦਵਾਨ ਵਕਤਾ ਵੱਲੋਂ ਸਭਿਆਚਾਰ ਦੇ ਖੇਤਰ ਵਿਚ ਕੀਤੇ ਖੋਜ-ਕਾਰਜ ਦੀ ਜਾਣਕਾਰੀ ਦਿੱਤੀ ਅਤੇ ਭਾਸ਼ਣ ਦੇ ਵਿਸ਼ੇ ਦੀ ਪ੍ਰਾਸੰਗਿਕਤਾ ਬਾਰੇ ਵਿਚਾਰ ਪੇਸ਼ ਕੀਤੇ। ਪੰਜਾਬੀ ਵਿਭਾਗ ਦੇ ਅਧਿਆਪਕਾਂ ਨੇ ਵਿਚਾਰ ਚਰਚਾ ਵਿਚ ਗਹਿਰੀ ਦਿਲਚਸਪੀ ਲਈ ਅਤੇ ਕਈ ਗੰਭੀਰ ਪ੍ਰਸ਼ਨ ਪੁੱਛੇ, ਜਿਨ੍ਹਾਂ ਦਾ ਵਿਦਵਾਨ ਵਕਤਾ ਵਲੋਂ ਜਵਾਬ ਵੀ ਦਿੱਤਾ ਗਿਆ। ਇਸ ਪ੍ਰੋਗਰਾਮ ਦਾ ਆਯੋਜਨ ਅਤੇ ਮੰਚ ਸੰਚਾਲਨ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਬਲਵੀਰ ਸਿੰਘ ਨੇ ਬਾਖੂਬੀ ਨਿਭਾਇਆ।

ਡਾ. ਖੁਸ਼ਵਿੰਦਰ ਕੁਮਾਰ
ਪ੍ਰਿੰਸੀਪਲ