ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਦੇ ਐਨ.ਐਸ.ਐਸ. ਵਿਭਾਗ ਵੱਲੋਂ ‘ਕੁੜੀਆਂ ਨੂੰ ਬਚਾਓ’ ਮੁਹਿੰਮ ਤਹਿਤ ਆਰੰਭ ਕੀਤੇ ਪ੍ਰੋਗਰਾਮਾਂ ਦੀ ਲੜੀ ਵਿੱਚ ਅੱਜ ਡਾ. ਹਰਸ਼ਿੰਦਰ ਕੌਰ ਨੇ ‘ਕੁੜੀਆਂ ਬਚਾਓ – ਕੌਮ ਨੂੰ ਬਚਾਓ’ ਵਿਸ਼ੇ ਤੇ ਇੱਕ ਭਾਵਪੂਰਤ ਭਾਸ਼ਣ ਦਿੱਤਾ। ਇਸ ਪ੍ਰੋਗਰਾਮ ਵਿੱਚ ਕਾਲਜ ਦੇ ਸੈਕੜੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਸਰਗਰਮੀ ਨਾਲ ਹਿੱਸਾ ਲਿਆ। ਇਸ ਅਵਸਰ ਤੇ ਕਾਲਜ ਦੇ ਲੱਗਭਗ 800 ਵਿਦਿਆਰਥੀਆਂ ਨੇ ‘ਦਾਜ ਨਾ ਲੈਣ ਅਤੇ ਨਾ ਦੇਣ’, ‘ਔਰਤਾਂ ਉੱਪਰ ਹੁੰਦਾ ਤਸ਼ੱਦਦ ਬਰਦਾਸ਼ਤ ਨਾ ਕਰਨ’ ਅਤੇ ‘ਮਾਦਾ ਭਰੂਣ ਹੱਤਿਆ’ ਵਿਰੁੱਧ ਸੰਘਰਸ਼ ਕਰਨ ਦੇ ਪ੍ਰਣ-ਪੱਤਰ ਉੱਤੇ ਦਸਤਖ਼ਤ ਕੀਤੇ ਅਤੇ ਸਮੂਹਕ ਰੂਪ ਵਿੱਚ ਸਹੁੰ ਚੁੱਕੀ। ਡਾ. ਹਰਸ਼ਿੰਦਰ ਕੌਰ ਨੇ ਮਾਦਾ ਭਰੂਣ ਹੱਤਿਆ ਅਤੇ ਕੁੜੀਆਂ ਨੂੰ ਜਨਮ ਉਪਰੰਤ ਮਾਰਨ ਦੀ ਕੁਰੀਤੀ ਦੇ ਇਤਿਹਾਸਕ, ਸਮਾਜਕ ਅਤੇ ਆਰਥਕ ਪੱਖਾਂ ਬਾਰੇ ਦੱਸਿਆ। ਉਨ੍ਹਾਂ ਨੇ ਕਿਹਾ ਕਿ ਕਬੀਲਾ ਯੁੱਗ ਵੇਲੇ ਵੀ ਲੜਕੀਆਂ ਨੂੰ ਬੋਝ ਸਮਝ ਕੇ ਮਾਰ ਦਿੱਤਾ ਜਾਂਦਾ ਸੀ। ਇਸ ਪਿੱਛੋਂ ਸਤੀ ਪ੍ਰਥਾ ਅਧੀਨ ਔਰਤਾਂ ਨੂੰ ਜ਼ਿੰਦਾ ਸੜਨ ਲਈ ਮਜਬੂਰ ਕੀਤਾ ਜਾਂਦਾ ਸੀ।

ਅਜੋਕੇ  ਦੌਰ ਵਿੱਚ ਹਰ ਵਰ੍ਹੇ ਪੰਜ ਹਜ਼ਾਰ ਔਰਤਾਂ ਦਾਜ ਦੀ ਬਲੀ ਚੜ੍ਹਦੀਆਂ ਹਨ। ਹਰ ਵਰ੍ਹੇ 112 ਲੱਖ ਧੀਆਂ ਨੂੰ ਜਨਮ ਤੋਂ ਪਹਿਲਾਂ ਹੀ ਕੁਖ ਵਿੱਚ ਮਾਰ ਦਿੱਤਾ ਜਾਂਦਾ ਹੈ। ਇਸ ਰੁਝਾਨ ਦੇ ਨਤੀਜੇ ਵਜੋਂ ਅੱਜ ਇੱਕਲੇ ਪੰਜਾਬ ਵਿੱਚ 20 ਲੱਖ ਮੁੰਡਿਆਂ ਦੇ ਵਿਆਹਾਂ ਲਈ ਕੁੜੀਆਂ ਦੀ ਘਾਟ ਹੈ ਜੋ ਅਗਲੇ 15 ਸਾਲਾਂ ਵਿੱਚ 60 ਲੱਖ ਹੋ ਜਾਵੇਗੀ। ਡਾ. ਹਰਸ਼ਿੰਦਰ ਕੌਰ ਨੇ ਦੱਸਿਆ ਕਿ ਉਹ 2015 ਵਿੱਚ 1 ਲੱਖ ਹਸਤਾਖ਼ਰਾਂ ਵਾਲੇ ਅਜਿਹੇ ਪ੍ਰਣ-ਪੱਤਰ ਲੈ ਕੇ ਯੂ.ਐਨ.ਓ. ਜਾਣਗੇ ਅਤੇ ਇਸ ਸਮੱਸਿਆ ਵੱਲ ਪੂਰੇ ਸੰਸਾਰ ਦਾ ਧਿਆਨ ਖਿੱਚਣਗੇ।

ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਕਿਹਾ ਕਿ ਡਾ. ਹਰਸ਼ਿੰਦਰ ਕੌਰ ਪਹਿਲਾਂ ਹੀ ਦੋ ਵਾਰ ਇਸ ਸਮੱਸਿਆ ਬਾਰੇ ਯੂ.ਐਨ.ਓ. ਜਨੇਵਾ ਦੇ ਅੰਤਰਸ਼ਟਰੀ ਮੰਚ ਤੋਂ ਭਾਸ਼ਣ ਦੇ ਚੁੱਕੇ ਹਨ ਸੰਸਾਰ ਭਰ ਵਿੱਚ ਮਾਦਾ ਭਰੂਣ ਹੱਤਿਆ ਅਤੇ ਦਾਜ ਦੀ ਕੁਰੀਤੀ ਵਿਰੁੱਧ ਉਨ੍ਹਾਂ ਦਾ ਸਮੁੱਚਾ ਕੰਮ ਸ਼ਲਾਘਾਯੋਗ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਲੜਕੀਆਂ ਦੀ ਪੜ੍ਹਾਈ ਅਤੇ ਉਨ੍ਹਾਂ ਦੀ ਸੁਤੰਤਰਤਾ ਨਾਲ ਹੀ ਨਰੋਏ ਸਮਾਜ ਦਾ ਨਿਰਮਾਣ ਹੋ ਸਕਦਾ ਹੈ।

ਇਸ ਅਵਸਰ ਤੇ ਬੋਲਦਿਆਂ ਪ੍ਰੋ. ਬਲਵੀਰ ਸਿੰਘ ਨੇ ਕਿਹਾ ਕਿ ਸਾਨੂੰ ਭਰੂਣ ਹੱਤਿਆ ਅਤੇ ਔਰਤਾਂ ਦੀ ਬੇਪੱਤੀ ਦੇ ਕਾਰਨਾਂ ਦੀ ਘੋਖ ਕਰਨੀ ਚਾਹੀਦੀ ਹੈ। ਇਤਿਹਾਸ ਵਿੱਚ ਇੱਕ ਅਜਿਹਾ ਸਮਾਂ ਵੀ ਸੀ ਜਦੋਂ ਸਾਡਾ ਸਮਾਜ ਮਾਤਰੀ ਪ੍ਰਧਾਨ ਸੀ ਅਤੇ ਔਰਤ ਦਾ ਰੁਤਬਾ ਬਹੁਤ ਉੱਚਾ ਸੀ। ਪਰੰਤੂ ਬਾਅਦ ਵਿੱਚ ਔਰਤ ਦਾ ਸਥਾਨ ਦੁਜੈਲਾ ਹੋ ਗਿਆ। ਉਨ੍ਹਾਂ ਨੇ ਕਿਹਾ ਕਿ ਅੱਜ ਵੀ ਜਗੀਰੂ ਮਾਨਸਿਕਤਾ ਕਾਰਨ ਔਰਤ ਨੂੰ ਬਰਾਬਰੀ ਦਾ ਦਰਜਾ ਨਹੀਂ ਮਿਲ ਰਿਹਾ।

ਇਸ ਅਵਸਰ ਤੇ ਮਿਸ ਸੁੱਖ ਬਰਾੜ, ਜੋ ਕਿ ਥੈਲੇਸੀਮੀਆਂ ਤੋਂ ਪੀੜਤ ਬੱਚਿਆਂ ਦੀ ਮਦਦ ਲਈ 40 ਦਿਨਾਂ ਦੀ ਪੈਦਲ ਯਾਤਰਾ ਤੇ ਨਿਕਲੇ ਹੋਏ ਹਨ, ਉਹ ਵੀ ਕਾਲਜ ਵਿੱਚ ਪਹੁੰਚੇ ਅਤੇ ਵਿਦਿਆਰਥੀਆਂ ਦੇ ਰੂ-ਬ-ਰੂ ਹੋਏ। ਸੁੱਖ ਬਰਾੜ ਨੇ ਥੈਲੇਸੀਮੀਆਂ ਦੀ ਬਿਮਾਰੀ ਬਾਰੇ ਵਿਦਿਆਰਥੀਆਂ ਨੂੰ ਜਾਣੂੰ ਕਰਵਾਇਆ ਅਤੇ ਕਿਹਾ ਕਿ ਹਰ ਵਿਦਿਆਰਥੀ ਆਪਣੇ ਵਿਆਹ ਤੋਂ ਪਹਿਲਾਂ ਪਹਿਲਾਂ ਇਸ ਬਿਮਾਰੀ ਬਾਰੇ ਆਪਣਾ ਡਾਕਟਰੀ ਮੁਆਇਨਾ ਜ਼ਰੂਰ ਕਰਾਵੇ। ਉਨ੍ਹਾਂ ਅਪੀਲ ਕੀਤੀ ਕਿ ਪੀੜਤ ਬੱਚਿਆਂ ਲਈ ਵੱਧ ਚੜ੍ਹ ਕੇ ਖੂਨ ਦਾਨ ਕੀਤਾ ਜਾਵੇ। ਇਸ ਸਮੇਂ ਪੀੜ੍ਹਤ ਬੱਚਿਆਂ ਦੇ ਕਈ ਮਾਪੇ ਵੀ ਸੁੱਖ ਬਰਾੜ ਨਾਲ ਵਿਦਿਆਰਥੀਆਂ ਵਿੱਚ ਹਾਜ਼ਰ ਸਨ।

ਇਸ ਮੌਕੇ ਔਰਤਾਂ ਦੇ ਹੱਕਾਂ ਅਤੇ ਸਮੱਸਿਆਵਾਂ ਨਾਲ ਸਬੰਧਤ ਇੱਕ ਪੇਪਰ ਰੀਡਿੰਗ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਇੱਕ ਦਰਜਨ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੁਕਾਬਲੇ ਵਿੱਚ ਦਿਵੀਸ਼ਾ ਸ਼ਰਮਾ ਨੇ ਪਹਿਲਾ, ਪੂਨੀਤ ਕੌਰ ਨੇ ਦੂਜਾ ਅਤੇ ਕੀਰਤੀ ਬਾਂਸਲ, ਅਨੂ ਸਿੰਗਲਾ ਅਤੇ ਸਾਵੀ ਸਿੰਗਲਾ ਨੇ ਸਾਂਝੇ ਰੂਪ ਵਿੱਚ ਤੀਜਾ ਸਥਾਨ ਹਾਸਲ ਕੀਤਾ। ਇਸ ਮੁਕਾਬਲੇ ਲਈ ਪ੍ਰੋ. ਬਲਜਿੰਦਰ ਕੌਰ, ਪ੍ਰੋ. ਜਗਦੀਪ ਕੌਰ ਅਤੇ ਪ੍ਰੋ. ਅਜੀਤ ਕੁਮਾਰ ਨੇ ਜੱਜਾਂ ਦੇ ਫਰਜ਼ ਨਿਭਾਏ। ਇਸੇ ਮੰਚ ਤੋਂ ਅੰਤਰ ਕਾਲਜ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਮਿਸ ਪੁਨੀਤ ਕੌਰ, ਰਮਨਦੀਪ ਕੌਰ, ਵਿਨੀ, ਮੇਘਾ ਤੇ ਸੌਰਯਾ ਜੈਨ ਨੂੰ ਵੀ ਸਨਮਾਨਤ ਕੀਤਾ ਗਿਆ। ਇਸ ਪ੍ਰਗਰਾਮ ਦਾ ਮੰਚ ਸੰਚਾਲਨ ਡਾ. ਰਾਜੀਵ ਸ਼ਰਮਾ ਅਤੇ ਮਿਸ ਰਿਭਾ ਸਿੰਗਲਾ ਨੇ ਬਾਖੂਬੀ ਨਿਭਾਇਆ। ਪ੍ਰੋ. ਹਰਮੋਹਨ ਸ਼ਰਮਾ, ਪ੍ਰੋਗਰਾਮ ਅਫ਼ਸਰ ਨੇ ਮੁੱਖ ਮਹਿਮਾਨ, ਜੱਜਾਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਸਮੁੱਚੀ ਪ੍ਰੈਸ ਦਾ ਧੰਨਵਾਦ ਕੀਤਾ।