ਅੱਜ ਸਥਾਨਕ ਮ ਮ ਮੋਦੀ ਕਾਲਜ ਦੇ ਫੈਸ਼ਨ ਡਿਜ਼ਾਈਨ ਐਂਡ ਟੈਕਨਾਲੋਜੀ ਵਿਭਾਗ ਦੀਆਂ ਵਿਦਿਆਰਥਣਾਂ ਵਲੋਂ ਤਿਆਰ ਕੀਤੀਆਂ ਖੂਬਸੂਰਤ ਪੁਸ਼ਾਕਾਂ ਦੀ ਇਕ ਪ੍ਰਦਰਸ਼ਨੀ ਕਾਲਜ ਵਿਚ ਲਗਾਈ ਗਈ ਜਿਸ ਦਾ ਉਦਘਾਟਨ ਪਟਿਆਲਾ ਡਿਵੀਜ਼ਨ ਦੇ ਸੇਵਾਮੁਕਤ ਕਮਿਸ਼ਨਰ ਸ੍ਰੀ ਐਸ. ਕੇ. ਆਹਲੂਵਾਲੀਆ ਅਤੇ ਡਾ. ਡੇਜ਼ੀ ਵਾਲੀਆ, ਡਾਂਸ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਕੀਤਾ। ਇਸ ਨੁਮਾਇਸ਼ ਵਿੱਚ ਬੱਚਿਆਂ ਅਤੇ ਦੁਲਹਨਾਂ ਦੀਆਂ ਪੁਸ਼ਾਕਾਂ, ਭਾਰਤੀ ਰਵਾਇਤੀ ਲਿਬਾਸ ਅਤੇ ਘਰੇਲੂ ਸਜਾਵਟ ਦੀਆਂ ਅਨੇਕਾਂ ਵਸਤੂਆਂ ਅਤੇ ਗਲਾਸ੍ਰਪੇਂਟਿੰਗਾਂ ਸ਼ਾਮਲ ਸਨ।
ਵਿਦਿਆਰਥਣਾਂ ਦੇ ਇਸ ਉੱਦਮ ਦੀ ਪ੍ਰਸੰਸਾ ਕਰਦਿਆਂ ਡਾ. ਡੇਜ਼ੀ ਵਾਲੀਆ ਨੇ ਕਿਹਾ ਕਿ ਲੜਕੀਆਂ ਵੱਲੋਂ ਆਰਥਿਕ ਸੁਤੰਤਰਤਾ ਪ੍ਰਾਪਤ ਕਰਨ ਲਈ ਕੀਤੀ ਇਹ ਸਿਖਲਾਈ ਸਮਾਜ ਵਿਚ ਔਰਤ ਦੇ ਸਨਮਾਨ ਨੂੰ ਸਥਾਪਤ ਕਰਨ ਵੱਲ ਇੱਕ ਅਹਿਮ ਕਦਮ ਸਾਬਤ ਹੋਵੇਗੀ। ਅੱਜ ਦੇ ਬਦਲ ਰਹੇ ਯੁੱਗ ਵਿਚ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਅਜਿਹੇ ਕਿੱਤਾ ਮੁੱਖੀ ਕੋਰਸਾਂ ਦੀ ਬਹੁਤ ਲੋੜ ਹੈ। ਫੈਸ਼ਨ ਡਿਜ਼ਾਈਨ ਅਤੇ ਟੈਕਨਾਲੋਜੀ ਰੋਜ਼ਗਾਰ ਦੇ ਖੇਤਰ ਵਿਚ ਨਵੇਂ ਮੌਕੇ ਪੈਦਾ ਕਰਨ ਦੇ ਸਮਰੱਥ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਅੱਜ ਦੇ ਮੁਕਾਬਲੇ ਦੇ ਯੁੱਗ ਵਿਚ ਸਖ਼ਤ ਮਿਹਨਤ ਨਾਲ ਨਵੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਕਿਹਾ। ਸ੍ਰੀ ਐਸ. ਕੇ. ਆਹਲੂਵਾਲੀਆ ਨੇ ਕਿਹਾ ਕਿ ਵਿਦਿਆਰਥੀਆਂ ਵਿਚ ਬੇਅੰਤ ਸਮਰੱਥਾ ਛੁਪੀ ਹੁੰਦੀ ਹੈ, ਜਿਸ ਨੂੰ ਯੋਗ ਅਧਿਆਪਕਾਂ ਦੀ ਅਗਵਾਈ ਵਿਚ ਚੰਗੀ ਟ੍ਰੈਨਿੰਗ ਦੇ ਕੇ ਨਿਖਾਰਿਆ ਜਾ ਸਕਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਦੇ ਹੁਨਰ ਦੀ ਪ੍ਰਸੰਸਾ ਕਰਦਿਆਂ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਹੁਣ ਆਪਣੀਆਂ ਕਲਾ ਕਿਰਤਾਂ ਅਤੇ ਪੁਸ਼ਾਕਾਂ ਅੰਤਰਰਾਸ਼ਟਰੀ ਵਪਾਰ ਮੇਲੇ ੋਦੁਬਈ ਫੈਸਟੋ ਵਿਚ ਲੈ ਕੇ ਜਾਣ ਤਾਂ ਉਨ੍ਹਾਂ ਦੀ ਰਿਹਾਇਸ਼ ਦਾ ਮੁਫ਼ਤ ਪ੍ਰਬੰਧ ਕਰ ਦਿੱਤਾ ਜਾਵੇਗਾ।
ਇਸ ਅਵਸਰ ਤੇ ਉਹਨਾਂ ਨੇ ਵੱਖ ਵੱਖ ਮੁਕਾਬਲਿਆਂ ਵਿਚ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੀ ਤਕਸੀਮ ਕੀਤੇ।
ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਕਿਹਾ ਕਿ ਲੜਕੀਆਂ ਲਈ ਅਜਿਹੀ ਹੁਨਰ ਸਿੱਖਿਆ ਉਨ੍ਹਾਂ ਨੂੰ ਜਿਥੇ ਆਰਥਿਕ ਸੁਤੰਤਰਤਾ ਪ੍ਰਦਾਨ ਕਰਦੀ ਹੈ, ਉਥੇ ਉਨ੍ਹਾਂ ਨੂੰ ਸਮਾਜ ਵਿਚ ਸਨਮਾਨਯੋਗ ਸਥਾਨ ਦਿਵਾਉਣ ਵਿਚ ਵੀ ਸਹਾਈ ਹੋਵੇਗੀ।
ਵਿਭਾਗ ਦੀ ਕੋਆਰਡੀਨੇਟਰ ਪ੍ਰੋ. ਬਲਜਿੰਦਰ ਕੌਰ ਨੇ ਦੱਸਿਆ ਕਿ ਇਸ ਪ੍ਰਦਰਸ਼ਨੀ ਵਿਚ ਸ਼ਾਮਲ ਸਾਰੀਆਂ ਪੁਸ਼ਾਕਾਂ ਵਿਭਾਗ ਦੀਆਂ ਅਧਿਆਪਕਾਵਾਂ ਮਿਸ ਵੀਨੂ ਜੈਨ, ਨੀਤੂ ਗੁਪਤਾ, ਨੰਦਨੀ ਅਤੇ ਅਮਨਦੀਪ ਦੀ ਰਹਿਨੁਮਾਈ ਵਿਚ ਕੀਤੀ ਵਿਦਿਆਰਥਣਾਂ ਦੀ ਆਪਣੀ ਮਿਹਨਤ ਅਤੇ ਮੌਲਿਕ ਪ੍ਰਤਿਭਾ ਦਾ ਨਤੀਜਾ ਹੋਣ ਦੇ ਨਾਲ ਨਾਲ ਉਨ੍ਹਾਂ ਦੇ ਸਿਲੇਬਸ ਦਾ ਹਿੱਸਾ ਵੀ ਹਨ। ਇਨਾਂ ਵਿਦਿਆਰਥਣਾਂ ਨੇ ਟਾਈ ਐਂਡ ਡਾਈ, ਬਲਾਕ ਪ੍ਰਿੰਟਿੰਗ, ਸਕਰੀਨ ਪ੍ਰਿੰਟਿੰਗ ਅਤੇ ਸਟੈਂਸਿਲ ਵਿਧੀਆਂ ਦੀ ਵਰਤੋਂ ਨਾਲ ਪਹਿਰਾਵਿਆਂ ਦੇ ਵੱਖ ਵੱਖ ਡਿਜ਼ਾਈਨ ਤਿਆਰ ਕੀਤੇ ਹਨ।
ਕਾਲਜ ਵਿਚ ਹੋਏ ਫੈਸ਼ਨ ਡਿਜ਼ਾਈਨਿੰਗ ਦੇ ਵੱਖ ਵੱਖ ਮੁਕਾਬਲਿਆਂ ਵਿਚ ਜੇਤੂ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਨੇ ਇਨਾਮ ਪ੍ਰਦਾਨ ਕੀਤੇ।
ਕਾਲਜ ਵੱਲੋਂ ਸ੍ਰੀ ਐਸ. ਕੇ. ਆਹਲੂਵਾਲੀਆ ਅਤੇ ਡਾ. ਡੇਜ਼ੀ ਵਾਲੀਆ ਨੂੰ ਯਾਦ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਾਲਜ ਦੇ ਵਿਦਿਆਰਥੀ ਅਤੇ ਅਧਿਆਪਕ ਵੱਡੀ ਗਿਣਤੀ ਵਿੱਚ ਮੌਜੂਦ ਸਨ।
ਮੰਚ ਸੰਚਾਲਨ ਦਾ ਕਾਰਜ ਪ੍ਰੋ. ਵੀਨੂ ਜੈਨ ਨੇ ਬਾਖੂਬੀ ਨਿਭਾਇਆ। ਪ੍ਰੋ. ਬਲਜਿੰਦਰ ਕੌਰ ਨੇ ਧੰਨਵਾਦ ਦੇ ਸ਼ਬਦ ਕਹੇ।
ਡਾ. ਖੁਸ਼ਵਿੰਦਰ ਕੁਮਾਰ
ਪ੍ਰਿੰਸੀਪਲ