ਅੱਜ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ। ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੇ ਉਚੇਰੀਆਂ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਰੋਲ ਆਫ਼ ਆਨਰ, ਕਾਲਜ ਕਲਰ, ਮੈਰਿਟ ਸਰਟੀਫਿਕੇਟ ਅਤੇ ਇਨਾਮ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਨੇ ਹੋਣਹਾਰ ਵਿਦਿਆਰਥੀਆਂ ਦੀਆਂ ਅਕਾਦਮਿਕਤਾ, ਖੇਡਾਂ ਅਤੇ ਸਭਿਆਚਾਰਕ ਸਰਗਰਮੀਆਂ ਦੇ ਖੇਤਰ ਵਿਚ ਕੀਤੀਆਂ ਵੱਡੀਆਂ ਪ੍ਰਾਪਤੀਆਂ ਦੀ ਪ੍ਰਸੰਸਾ ਕੀਤੀ ਤੇ ਕਿਹਾ ਕਿ ਮੋਦੀ ਕਾਲਜ ਨੇ ਹਰ ਪੱਖੋਂ ਆਪਣਾ ਮਿਆਰ ਉਂਚਾ ਬਣਾਈ ਰੱਖਿਆ ਹੈ। ਮੁੱਖ ਮਹਿਮਾਨ ਨੇ ਵਿਦਿਆਰਥੀਆਂ ਨੂੰ ਬਹੁਤ ਹੀ ਪ੍ਰੇਰਨਾਮਈ ਅੰਦਾਜ਼ ਵਿਚ ਕਿਹਾ ਕਿ ਉਹ ਜ਼ਿੰਦਗੀ ਵਿਚ ਉਚੇਰੇ ਆਦਰਸ਼ਾਂ ਦੀ ਪ੍ਰਾਪਤੀ ਲਈ ਯਤਨਸ਼ੀਲ ਰਹਿਣ ਤਾਂ ਜੋ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਉਨ੍ਹਾਂ ਨੇ ਲੜਕੀਆਂ ਦੀ ਉਚੇਰੀ ਪੜ੍ਹਾਈ ਤੇ ਜ਼ੋਰ ਦਿੰਦਿਆਂ ਕਿਹਾ ਕਿ ਉਹ ਸਿੱਖਿਆ ਦੁਆਰਾ ਹੀ ਥੋੜੇ ਸਮੇਂ ਵਿੱਚ ਆਤਮ ਨਿਰਭਰ, ਸ਼ਕਤੀਸ਼ਾਲੀ ਅਤੇ ਮਰਦਾਂ ਦੇ ਬਰਾਬਰ ਖਲੋਣ ਦੇ ਸਮਰੱਥ ਹੋ ਸਕਦੀਆਂ ਹਨ।
ਇਸ ਤੋਂ ਪਹਿਲਾਂ ਡਾ. ਜਸਪਾਲ ਸਿੰਘ, ਡਾ. ਜਮਸ਼ੀਦ ਅਲੀ ਖਾਨ, ਕਾਲਜ ਮੈਨੇਜਮੈਂਟ ਦੇ ਨੁਮਾਇੰਦੇ ਕਰਨਲ ਕਰਮਿੰਦਰ ਸਿੰਘ, ਸਾਬਕਾ ਪ੍ਰਿੰਸੀਪਲ ਸੁਰਿੰਦਰ ਲਾਲ ਤੇ ਡਾ. ਖੁਸ਼ਵਿੰਦਰ ਕੁਮਾਰ ਨੇ ਗਿਆਨ ਦੀ ਜੋਤ ਜਗਾ ਕੇ ਪ੍ਰੋਗਰਾਮ ਦਾ ਆਗ਼ਾਜ਼ ਕੀਤਾ। ਕਾਲਜ ਦੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ ਸਰਸਵਤੀ ਵੰਦਨਾ ਅਤੇ ਸ਼ਬਦ ਗਾਇਨ ਪ੍ਰਸਤੁਤ ਕੀਤਾ।
ਡਾ. ਜਮਸ਼ੀਦ ਅਲੀ ਖਾਨ, ਡੀਨ ਕਾਲਜ ਵਿਕਾਸ ਕੌਂਸਲ, ਪੰਜਾਬੀ ਯੂਨੀਵਰਸਿਟੀ ਪਟਿਆਲਾ ਇਸ ਅਵਸਰ ਤੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਮੈਰਿਟ ਸਰਟੀਫਿਕੇਟ ਅਤੇ ਇਨਾਮ ਵੰਡਣ ਦੀ ਰਸਮ ਅਦਾ ਕੀਤੀ। ਉਨ੍ਹਾਂ ਨੇ ਕਾਲਜ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਮਿਹਨਤ ਤੇ ਇਮਾਨਦਾਰੀ ਨਾਲ ਜੀਵਨ ਵਿੱਚ ਉਚੇਰੇ ਲਕਸ਼ ਪ੍ਰਾਪਤ ਕਰਨ ਲਈ ਪ੍ਰੇਰਨਾਮਈ ਸ਼ਬਦ ਕਹੇ।
ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਮੁੱਖ ਮਹਿਮਾਨ ਤੇ ਹੋਰ ਮੋਹਤਬਰ ਸ਼ਖ਼ਸੀਅਤਾਂ ਦਾ ਸਵਾਗਤ ਕੀਤਾ ਤੇ ਇਸ ਵਿਦਿਅਕ ਵਰ੍ਹੇ ਦੌਰਾਨ ਕਾਲਜ ਦੀਆਂ ਪ੍ਰਾਪਤੀਆਂ ਦੀ ਸੰਖੇਪ ਰਿਪੋਰਟ ਪੇਸ਼ ਕੀਤੀ। ਉਨ੍ਹਾਂ ਨੇ ਜਿਥੇ ਵਿਦਿਆਰਥੀਆਂ ਦੀਆਂ ਵਿਲੱਖਣ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ ਉਥੇ ਨਾਲ ਹੀ ਇਹ ਭਰੋਸਾ ਦਿਵਾਇਆ ਕਿ ਆਉਣ ਵਾਲੇ ਸਾਲਾਂ ਵਿੱਚ ਕਾਲਜ ਨਵੀਆਂ ਬੁਲੰਦੀਆਂ ਛੁਹਣ ਦਾ ਹਰ ਉਪਰਾਲਾ ਕਰੇਗਾ।
ਕਾਲਜ ਦੇ ਰਜਿਸਟਰਾਰ ਡਾ. ਹਰਚਰਨ ਸਿੰਘ ਨੇ ਦੱਸਿਆ ਕਿ ਇਸ ਇਨਾਮ-ਵੰਡ ਸਮਾਰੋਹ ਵਿਚ ਅਕਾਦਮਿਕਤਾ, ਖੇਡਾਂ, ਸਭਿਆਚਾਰਕ ਸਰਗਰਮੀਆਂ ਤੇ ਐਨ.ਸੀ.ਸੀ. ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਵਿਚੋਂ 25 ਵਿਦਿਆਰਥੀਆਂ ਨੂੰ ਰੋਲ ਆਫ਼ ਆਨਰ, 127 ਵਿਦਿਆਰਥੀਆਂ ਨੂੰ ਕਾਲਜ ਕਲਰ ਅਤੇ 301 ਨੂੰ ਮੈਰਿਟ ਸਰਟੀਫਿਕੇਟ ਦਿੱਤੇ ਗਏ ਹਨ। ਕਾਲਜ ਦੇ ਪੰਕਜ ਸਿੰਗਲਾ, ਅਮਨਜੋਤ ਕੌਰ, ਜਸਪ੍ਰੀਤ ਸਿੰਘ, ਹਰਜੋਤ ਕੌਰ ਤੇ ਆਭਾ ਗਰਗ ਨੂੰ ਪੰਜਾਬੀ ਯੂਨੀਵਰਸਿਟੀ ਪਰੀਖਿਆਵਾਂ ਵਿਚੋਂ ਪ੍ਰਥਮ ਸਥਾਨ ਹਾਸਲ ਕਰਨ ਲਈ ਰੋਲ ਆਫ਼ ਆਨਰ ਨਾਲ ਸਨਮਾਨਿਤ ਕੀਤਾ ਗਿਆ।
ਕਰਨ ਕੈਲਾ ਅਤੇ ਪੂਜਾ ਚੌਧਰੀ ਦੀਆਂ ਖੇਡਾਂ ਦੇ ਖੇਤਰ ਵਿਚ ਅੰਤਰ ਰਾਸ਼ਟਰੀ ਪੱਧਰ ਤੇ ਕੀਤੀਆਂ ਪ੍ਰਾਪਤੀਆਂ ਕਰਕੇ ਉਨ੍ਹਾਂ ਨੂੰ ਰੋਲ ਆਫ਼ ਆਨਰ ਨਾਲ ਸਨਮਾਨਿਤ ਕੀਤਾ ਗਿਆ। ਇਨ੍ਹਾਂ ਤੋਂ ਇਲਾਵਾ ਕਾਲਜ ਦੇ 17 ਹੋਰ ਖਿਡਾਰੀਆਂ ਨੂੰ ਕੌਮੀ ਪੱਧਰ ਤੇ ਕੀਤੀਆਂ ਵੱਡੀਆਂ ਪ੍ਰਾਪਤੀਆਂ ਲਈ ਰੋਲ ਆਫ਼ ਆਨਰ ਨਾਲ ਸਨਮਾਨਿਤ ਕੀਤਾ ਗਿਆ। ਵਰਿੰਦਰ ਖੁਰਾਣਾ, ਬਲਬੀਰ ਕੌਰ ਤੇ ਅਮਨਦੀਪ ਕੌਰ ਨੂੰ ਸਾਹਿਤਕ ਅਤੇ ਸਭਿਆਚਾਰਕ ਖੇਤਰ ਵਿਚ ਕੀਤੀਆਂ ਪ੍ਰਾਪਤੀਆਂ ਲਈ ਕਾਲਜ ਕਲਰ ਪ੍ਰਦਾਨ ਕੀਤੇ ਗਏ। ਅੱਜ ਦੇ ਸਮਾਗਮ ਦੀ ਵਿਸ਼ੇਸ਼ਤਾ ਇਹ ਰਹੀ ਕਿ ਖਿਡਾਰੀਆਂ ਦੀਆਂ ਪ੍ਰਾਪਤੀਆਂ ਪਿਛੇ ਅਣਥੱਕ ਮਿਹਨਤ ਕਰ ਰਹੇ ਵੱਖ-ਵੱਖ ਖੇਡਾਂ ਦੇ ਲਗਭਗ 16 ਕੋਚਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਟੇਟ ਕਾਲਜ ਆਫ਼ ਐਜੂਕੇਸ਼ਨ ਪਟਿਆਲਾ ਦੇ ਸਾਬਕਾ ਪ੍ਰਿੰਸੀਪਲ ਡਾ. ਸਵਰਨ ਸਿੰਘ ਚੌਹਾਨ ਨੂੰ ਵੀ ਕਾਲਜ ਵੱਲੋਂ ਯਾਦ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਅਵਸਰ ਤੇ ਮੁੱਖ ਮਹਿਮਾਨ ਡਾ. ਜਸਪਾਲ ਸਿੰਘ ਨੇ ਕਾਲਜ ਦੀ ਐਂਡ੍ਰਾਇਡ ਐਪ ਵੀ ਲਾਂਚ ਕੀਤੀ ਜਿਸ ਨਾਲ ਕਾਲਜ ਦੀਆਂ ਖ਼ਬਰਾਂ ਨੂੰ ਸੰਸਾਰ ਭਰ ਵਿੱਚ ਮੋਬਾਇਲ ਫੋਨ ਤੇ ਪੜ੍ਹਿਆ ਜਾ ਸਕੇਗਾ।
ਇਸ ਅਵਸਰ ਤੇ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਕਰਨਲ ਕਰਮਿੰਦਰ ਸਿੰਘ ਅਤੇ ਸਾਬਕਾ ਪ੍ਰਿੰਸੀਪਲ ਸ੍ਰੀ ਸੁਰਿੰਦਰ ਲਾਲ, ਸ੍ਰੀ ਐਸ.ਆਰ. ਸਾਹਨੀ, ਤੇ ਸ੍ਰੀ ਐਸ. ਬੀ. ਮੰਗਲਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।
ਇਸ ਸਮਾਰੋਹ ਵਿਚ ਵਿਸ਼ੇਸ਼ ਸਨਮਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਮਾਪੇ ਵੀ ਵੱਡੀ ਗਿਣਤੀ ਵਿਚ ਹਾਜ਼ਰ ਸਨ। ਕਾਲਜ ਦੇ ਸੇਵਾਮੁਕਤ ਅਧਿਆਪਕਾਂ ਵਿਚੋਂ ਡਾ. ਰਸ਼ਪਾਲ ਸਿੰਘ, ਪ੍ਰੋ. ਐਚ. ਐਸ. ਚਿਮਨੀ, ਡਾ. ਸੀ.ਪੀ.ਸ਼ਰਮਾ, ਪ੍ਰੋ. ਮੰਗਤ ਸੂਦ, ਪ੍ਰੋ. ਸ਼ਸੀਕਾਂਤ, ਪ੍ਰੋ. ਆਰ.ਆਰ. ਸਿਆਲ ਤੇ ਪ੍ਰੋ. ਐਸ.ਪੀ. ਸਿੰਘ ਵੀ ਪ੍ਰਮੁੱਖ ਤੌਰ ਤੇ ਹਾਜ਼ਰ ਹੋਏ।
ਸਮਾਗਮ ਦੇ ਅੰਤ ਤੇ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਵਿਨੇ ਕੁਮਾਰ ਜੈਨ ਨੇ ਧੰਨਵਾਦ ਦੇ ਸ਼ਬਦ ਕਹੇ। ਪ੍ਰੋ. ਬਲਵੀਰ ਸਿੰਘ, ਪ੍ਰੋ. ਬਲਜਿੰਦਰ ਕੌਰ ਤੇ ਪ੍ਰੋ. ਗਣੇਸ਼ ਸੇਠੀ ਨੇ ਮੰਚ ਸੰਚਾਲਨ ਦਾ ਕਾਰਜ ਬਾਖ਼ੂਬੀ ਨਿਭਾਇਆ।