ਪਟਿਆਲਾ: 13 ਅਗਸਤ, 2014

    ਸਰਕਾਰੀ ਰਜਿੰਦਰਾ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਮੰਗ ਕਰਨ ਤੇ ਮ. ਮ. ਮੋਦੀ ਕਾਲਜ ਦੇ ਐਨ.ਐਸ.ਐਸ. ਵਿਭਾਗ ਵੱਲੋਂ ਇੱਕ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ 69 ਯੂਨਿਟ ਖੂਨਦਾਨ ਕੀਤਾ। ਇਸ ਖੂਨਦਾਨ ਕੈਂਪ ਦਾ ਉਦਘਾਟਨ ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਅਤੇ ਰਜਿੰਦਰਾ ਹਸਪਤਾਲ ਦੇ ਬਲੱਡ ਟ੍ਰਾਂਸਫਿਊਜ਼ਨ ਵਿਭਾਗ ਦੀ ਪ੍ਰੋਫੈਸਰ ਅਤੇ ਮੁਖੀ ਡਾ. ਕੰਚਨ ਭਾਰਦਵਾਜ ਨੇ ਸਾਂਝੇ ਤੌਰ ਤੇ ਕੀਤਾ। ਉਨ੍ਹਾਂ ਨੇ ਖੂਨਦਾਨ ਕਰਨ ਵਾਲੇ ਵਿਦਿਆਰਥੀਆਂ ਦੀ ਭਰਪੂਰ ਪ੍ਰਸੰਸਾ ਕੀਤੀ ਅਤੇ ਬਲੱਡ ਡੋਨਰ ਦੇ ਬੈਜ ਲਗਾਏ। ਕਾਲਜ ਦੇ ਅਧਿਆਪਕ ਡਾ. ਰਾਜੀਵ ਸ਼ਰਮਾ ਅਤੇ ਪ੍ਰੋ. ਸੁਮੀਤ ਕੁਮਾਰ ਨੇ ਵੀ ਖੂਨਦਾਨ ਕੀਤਾ।
    ਇਸ ਅਵਸਰ ਤੇ ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਕਿਹਾ ਕਿ ਮਨੁੱਖਤਾ ਲਈ ਖੂਨਦਾਨ ਤੋਂ ਵੱਡੀ ਹੋਰ ਕੋਈ ਸੇਵਾ ਨਹੀਂ ਹੋ ਸਕਦੀ। ਵਿਦਿਆਰਥੀਆਂ ਵੱਲੋਂ ਕੀਤੇ ਖੂਨਦਾਨ ਨਾਲ ਅਨੇਕਾਂ ਜ਼ਿੰਦਗੀਆਂ ਅਣਿਆਈ ਮੌਤ ਤੋਂ ਬਚਾਈਆ ਜਾ ਸਕਣਗੀਆਂ। ਉਨ੍ਹਾਂ ਇਹ ਵੀ ਕਿਹਾ ਕਿ ਇਹ ਕੈਂਪ ਵਿਸ਼ੇਸ਼ ਤੌਰ ਤੇ ਰਜਿੰਦਰਾ ਹਸਪਤਾਲ ਦੇ ਬਲੱਡ ਬੈਂਕ ਦੀ ਤੁਰੰਤ ਲੋੜ ਦੀ ਪੂਰਤੀ ਹਿੱਤ ਲਗਾਇਆ ਗਿਆ ਹੈ। ਇਸ ਕੈਂਪ ਦੇ ਸੱਮਚੇ ਸੰਚਾਲਨ ਲਈ ਐਨ.ਐਸ.ਐਸ. ਦੇ ਪ੍ਰੋਗਰਾਮ ਅਫ਼ਸਰਾਂ – ਡਾ. ਰਾਜੀਵ ਸ਼ਰਮਾ, ਮਿਸਿਜ਼ ਜਗਦੀਪ ਕੌਰ ਅਤੇ ਪ੍ਰੋ. ਹਰਮੋਹਨ ਸ਼ਰਮਾ ਨੇ ਅਣਥਕ ਮਿਹਨਤ ਕੀਤੀ ਅਤੇ ਵਿਦਿਆਰਥੀਆਂ ਦੇ ਮਨਾਂ ਵਿਚ ਖੂਨਦਾਨ ਬਾਰੇ ਪਏ ਭਰਮ ਭੁਲੇਖੇ ਦੂਰ ਕਰਕੇ ਉਨ੍ਹਾਂ ਨੂੰ ਸਮਾਜ ਸੇਵਾ ਦੇ ਇਸ ਮਹਾਨ ਕਾਰਜ ਲਈ ਉਤਸ਼ਾਹਿਤ ਕੀਤਾ।
    ਬਲੱਡ ਬੈਂਕ, ਰਜਿੰਦਰਾ ਹਸਪਤਾਲ ਪਟਿਆਲਾ ਵੱਲੋਂ ਇਸ ਕੈਂਪ ਨੂੰ ਨੇਪਰੇ ਚਾੜ੍ਹਨ ਲਈ ਆਏ ਡਾ. ਐਲੀਨਾ ਅਤੇ ਸ੍ਰੀ ਸੁਖਵਿੰਦਰ ਸਿੰਘ ਨੇ ਵੀ ਪੂਰੀ ਪ੍ਰਤਿਬੱਧਤਾ ਅਤੇ ਦਿਲਚਸਪੀ ਨਾਲ ਖੂਨਦਾਨ ਇਕੱਤਰ ਕੀਤਾ।

 
ਡਾ. ਖੁਵਿੰਦਰ ਕੁਮਾਰ
ਪ੍ਰਿੰਸੀਪਲ