ਪਟਿਆਲਾ: 29 ਅਗਸਤ, 2016

ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਜਨਰਲ ਸਟੱਡੀਜ਼ ਸਰਕਲ ਅਤੇ ਬਾਇਓਲਾਜੀਕਲ ਸਾਇੰਸਿਜ਼ ਵਿਭਾਗ ਵੱਲੋਂ ਅੱਜ ਇਕ ਨਿਵੇਕਲੀ ਕਿਸਮ ਦਾ ਲੈਕਚਰ ਕਰਵਾਇਆ ਗਿਆ ਜਿਸ ਦਾ ਵਿਸ਼ਾ ਸੀ “ਪੰਜਾਬ ਦੇ ਪੰਛੀ“ (Birds of Punjab: A Photographic Ode)। ਇਸ ਲੈਕਚਰ ਦੇ ਮੁਖ-ਵਕਤਾ ਡਾ. ਸਵਰਾਜ ਰਾਜ, ਪ੍ਰੋਫੈਸਰ ਅਤੇ ਮੁਖੀ ਅੰਗਰੇਜ਼ੀ ਵਿਭਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਨੇ ਪੰਜਾਬ ਦੇ ਪੰਛੀਆਂ ਦੀਆਂ 150 ਤੋਂ ਜ਼ਿਆਦਾ ਫੋਟੋਆਂ ਦਿਖਾਈਆਂ ਜੋ ਕਿ ਉਨ੍ਹਾਂ ਨੇ ਵੱਖ-ਵੱਖ ਥਾਵਾਂ ਤੇ ਜਾ ਕੇ ਬੇਹੱਦ ਸਮਾਂ ਬਤੀਤ ਕਰਕੇ ਖਿੱਚੀਆਂ ਸਨ। ਡਾ. ਸਵਰਾਜ ਰਾਜ ਨੇ ਪੰਛੀਆਂ ਬਾਰੇ ਅਤੇ ਉਨ੍ਹਾਂ ਦੇ ਵਿਵਹਾਰ ਬਾਰੇ ਵਿਦਿਆਰਥੀਆਂ ਨੂੰ ਵਿਸ਼ੇਸ਼ ਜਾਣਕਾਰੀ ਦਿੱਤੀ। ਉਨ੍ਹਾਂ ਦਾ ਕਹਿਣਾ ਸੀ ਕਿ ਜੋ ਲੋਕ ਪੰਛੀਆਂ ਨਾਲ ਪਿਆਰ ਕਰਦੇ ਹਨ, ਉਹ ਕਦੀ ਵੀ ਵਾਤਾਵਰਨ ਨੂੰ ਢਾਹ ਨਹੀਂ ਲਾਉਂਦੇ।

ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਦੱਸਿਆ ਕਿ ਇਸ ਉਪਰਾਲੇ ਨਾਲ ਵਿਦਿਆਰਥੀਆਂ ਦੀ ਪੰਛੀਆਂ ਅਤੇ ਵਾਤਾਵਰਨ ਵਿਚਲੇ ਰਿਸ਼ਤੇ ਬਾਰੇ ਸੂਝ ਹੋਰ ਵਧੇਗੀ। ਉਨ੍ਹਾਂ ਇਹ ਵੀ ਯਾਦ ਕਰਵਾਇਆ ਕਿ ਜੇਕਰ ਅਸੀਂ ਇਸ ਰਿਸ਼ਤੇ ਤੋਂ ਹੋਰ ਅਵੇਸਲੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਕਈ ਬਹੁਤ ਖ਼ੂਬਸੂਰਤ ਪੰਛੀ ਹਮੇਸ਼ਾਂ ਲਈ ਅਲੋਪ ਹੋ ਜਾਣਗੇ।

ਪ੍ਰੋ. ਨਿਰਮਲ ਸਿੰਘ, ਡੀਨ ਕਾਮਰਸ ਅਤੇ ਜਨਰਲ ਸਟੱਡੀ ਸਰਕਲ ਦੇ ਕਨਵੀਨਰ ਨੇ ਕਿਹਾ ਕਿ ਸਾਨੂੰ ਪੁਰਾਣੇ ਦਰਖ਼ਤਾਂ ਦੀ, ਛੱਪੜਾਂ, ਟੋਭਿਆਂ, ਢਾਬਾਂ ਅਤੇ ਨਦੀਆਂ ਨਾਲਿਆਂ ਦੀ ਵਿਸ਼ੇਸ਼ ਸੰਭਾਲ ਕਰਨੀ ਚਾਹੀਦੀ ਹੈ ਕਿਉਂਕਿ ਇਨ੍ਹਾਂ ਰਾਹੀਂ ਅਸੀਂ ਜ਼ਿਆਦਾ ਤੋਂ ਜ਼ਿਆਦਾ ਪੰਛੀਆਂ ਨੂੰ ਦੇਖ ਸਕਦੇ ਹਾਂ। ਉਨ੍ਹਾਂ ਦੱਸਿਆ ਕਿ ਹਰੇਕ ਦਰਖ਼ਤ ਆਪਣੇ ਆਪ ਵਿੱਚ ਇੱਕ ਸੰਪੂਰਨ ਈਕੋ-ਸਿਸਟਮ ਹੈ।

ਸਵਾਲ-ਜਵਾਬ ਸੈਸ਼ਨ ਦੌਰਾਨ ਸਰੋਤਿਆਂ ਨੇ ਸੂਝ-ਬੂਝ ਭਰੇ ਸਵਾਲ ਪੁੱਛੇ ਜਿਨ੍ਹਾਂ ਦਾ ਜਵਾਬ ਡਾ. ਸਵਰਾਜ ਰਾਜ ਨੇ ਓਨੀ ਹੀ ਸੰਜੀਦਗੀ ਨਾਲ ਦਿੱਤਾ।

ਡਾ. ਅਸ਼ਵਨੀ ਸ਼ਰਮਾ, ਡੀਨ ਬਾਇਓਲਾਜੀਕਲ ਸਾਇੰਸਿਜ਼ ਨੇ ਆਏ ਹੋਏ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਵਿਦਵਾਨ ਵਕਤਾ ਨੂੰ ਯਾਦ-ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਅਵਸਰ ਤੇ ਪ੍ਰੋ. ਗਣੇਸ਼ ਕੁਮਾਰ ਸੇਠੀ ਅਤੇ ਪ੍ਰੋ. ਭਾਨਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ।

ਡਾ. ਖੁਸ਼ਵਿੰਦਰ ਕੁਮਾਰ
ਪ੍ਰਿੰਸੀਪਲ
DSC_0708