ਪਟਿਆਲਾ: 27 ਅਕਤੂਬਰ, 2020

ਵੰਡ ਦੇ ਸੰਤਾਪ ਵਿੱਚ ਅਣਗੌਲ਼ੇ ਪਾਤਰਾਂ ਦੀ ਅਸਧਾਰਨਤਾ ਨੂੰ ਉਭਾਰਨਾ ਸਮੇਂ ਦੀ ਲੋੜ: ਸਾਂਵਲ ਧਾਮੀ

ਬੀਤੇ ਦਿਨੀਂ ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਪੰਜਾਬੀ ਵਿਭਾਗ ਵੱਲੋਂ ਵਿਦਿਆਰਥੀਆਂ ਲਈ ਗਠਿਤ ‘ਪੰਜਾਬੀ ਸਾਹਿਤ ਸਭਾ’ ਦੁਆਰਾ ਮੋਦੀ ਜੈਯੰਤੀ ਨੂੰ ਸਮਰਪਿਤ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਦੀ ਸੁਯੋਗ ਨਿਗਰਾਨੀ ਅਧੀਨ ਦੇਸ਼-ਵੰਡ ਨਾਲ ਜੁੜੇ ਸੰਵੇਦਨਸ਼ੀਲ ਵਿਸ਼ੇ ‘ਪੰਜਾਬ ਦੁਖਾਂਤ ਅਤੇ ਸਾਹਿਤ ਸਿਰਜਣਾ’ ਉੱਤੇ ਇੱਕ ਵਿਸ਼ੇਸ਼ ਆਨਲਾਈਨ ਲੈਕਚਰ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਵਿਦਵਾਨ ਵਕਤਾ ਦਾ ਰਸਮੀ ਸੁਆਗਤ ਕਰਦਿਆਂ ਕਿਹਾ ਕਿ ਵੰਡ ਦੇ ਦੁਖਾਂਤ ਨੂੰ ਝੱਲਣ ਵਾਲੀ ਪੀੜ੍ਹੀ ਤੇ ਮਾਨਵੀ ਚੀਸ ਦੀ ਰਸਾਈ ਅਜੋਕੀ ਪੀੜ੍ਹੀ ਤੱਕ ਆਪਣੀਆਂ ਸਾਹਿਤਿਕ ਕਿਰਤਾਂ ਰਾਹੀਂ ਕਰਨ ਦਾ ਮੁੱਲਵਾਨ ਕਾਰਜ ਸਾਂਵਲ ਧਾਮੀ ਦੀਆਂ ਰਚਨਾਵਾਂ ਬਾਖ਼ੂਬੀ ਕਰ ਰਹੀਆਂ ਹਨ। ਉਹਨਾਂ ਸਾਂਵਲ ਧਾਮੀ ਨੂੰ ਦੇਸ਼ ਵੰਡ ਦੇ ਦੁਖਾਂਤ ਦੀਆਂ ਮਹੀਨ ਤੰਦਾਂ ਫੜ੍ਹਨ ਵਾਲਾ ਸਮਰੱਥ ਕਥਾਕਾਰ ਮੰਨਦਿਆਂ ਕਿਹਾ ਕਿ ਸਾਂਵਲ ਦੀ ਵਿਸ਼ੇਸ਼ਤਾ ਤੇ ਵੱਖਰਤਾ, ਸੰਤਾਪ ਦੇ ਪਲਾਂ ‘ਚੋਂ ਜਿਉਣ ਦੀ ਆਸ ਭਰੇ ਪਹਿਲੂਆਂ ਨੂੰ ਤਲਾਸ਼ਣ, ਭਾਸ਼ਾਈ ਪਿਉਂਦ ਚੜ੍ਹਾਉਣ ਤੇ ਢੁਕਵੀਂ ਸਾਹਿਤਕ ਵਿਧਾ ਚੁਣਨ ਵਿੱਚ ਹੈ। ਉਹਨਾਂ ਸ਼ਿਕਵਾ ਕੀਤਾ ਕਿ ਜਿਸ ਦੁਖਾਂਤ ਨੂੰ ਪਿਛਲੀ ਪੀੜ੍ਹੀ; ਵੰਡ, ਹੱਲੇ, ਉਜਾੜੇ ਵਜੋਂ ਵੇਖਦੀ ਹੈ ਉਥੇ ਅਜੋਕੀ ਪੀੜ੍ਹੀ ਵੰਡ ਦੇ ਅਮਾਨਵੀ ਵਰਤਾਰੇ ਨੂੰ ਸ਼ਿੱਦਤ ਨਾਲ ਮਹਿਸੂਸ ਨਾ ਕਰਦੀ ਹੋਈ ਇਸਨੂੰ ‘ਆਜ਼ਾਦੀ’ ਦੇ ਲਕਬ ਨਾਲ ਪਰਿਭਾਸ਼ਿਤ ਕਰਦੀ ਹੈ।
ਮਕ਼ਬੂਲ ਕਹਾਣੀਕਾਰ ਸਾਂਵਲ ਧਾਮੀ ਨੇ ਸਰੋਤਿਆਂ ਨਾਲ ਆਪਣੇ ਸਾਹਿਤਕ ਅਨੁਭਵਾਂ ਨੂੰ ਸਾਂਝਾ ਕਰਦਿਆਂ ਸੰਨ 47 ਦੀ ਵੰਡ ਦੇ ਮਾਨਵੀ ਸਰੋਕਾਰਾਂ ਦੇ ਅਨੇਕ ਪੱਖਾਂ ਉੱਤੇ ਚਾਨਣਾ ਪਾਇਆ। ਉਹਨਾਂ ਸੁਚੇਤ ਕੀਤਾ ਕਿ ਸਾਨੂੰ ਸਮਾਜਿਕ ਚੌਗਿਰਦੇ ਵਿੱਚ ਵਿਚਰਦੇ ਸਧਾਰਨ ਬੰਦਿਆਂ/ਪਾਤਰਾਂ ਦੀ ਜ਼ਿੰਦਗੀ ਰੂਪੀ ਕਿਤਾਬ ਦੇ ਪੰਨੇ ਫ਼ਰੋਲਣ ਦੀ ਲੋੜ ਹੈ ਕਿਉਂਕਿ ਇਹਨਾਂ ਪਾਤਰਾਂ ਦੀ ਅਸਧਾਰਨਤਾ ਹੀ ਸਾਹਿਤਕ ਕਿਰਤਾਂ ਦਾ ਆਧਾਰ ਹੁੰਦੀ ਹੈ। ਉਹਨਾਂ ਕੱਟੜਤਾ ਅਤੇ ਸੰਕੀਰਨ ਸੋਚ ਤੋਂ ਰਹਿਤ ਹੋ ਕੇ ਵਿਚਰਨ ਨੂੰ ਆਪਣੀ ਰਚਨਾਕਾਰੀ ਦੀ ਤਾਕਤ ਮੰਨਦਿਆਂ ਕਿਹਾ ਕਿ ਉਹਨਾਂ ਦਾ ਹਲੀਮੀ ਭਰਿਆ ਸੁਭਾਅ ਹੀ ਉਹਨਾਂ ਦੀਆਂ ਕਹਾਣੀਆਂ ਦੇ ਬੁਰੇ ਪਾਤਰਾਂ ਨੂੰ ‘ਬੁਰੇ’ ਨਹੀਂ ਲੱਗਣ ਦਿੰਦਾ ਬਲਕਿ ਇਨਸਾਨੀ ਜਜ਼ਬਿਆਂ ਦੇ ਉਭਾਰ ‘ਚ ਮਦਦ ਕਰਦਾ ਹੈ। ਪ੍ਰਸਿੱਧ ਰੂਸੀ ਲੇਖਕ ਰਸੂਲ ਹਮਜ਼ਾਤੋਵ ਦੇ ਹਵਾਲੇ ਨਾਲ ਅਤੀਤ ਦੇ ਪ੍ਰਸੰਗਾਂ ਦੀ ਮਹੱਤਤਾ ਪ੍ਰਗਟ ਕਰਦੇ ਹੋਏ ਉਹਨਾਂ ਕਿਹਾ ਕਿ ਸਾਨੂੰ ਪੰਜਾਬੀਆਂ ਦੁਆਰਾ ਸਹੇ ਹੋਏ ਦਰਦ ਨੂੰ ਵਿਸਾਰਨ ਦੀ ਬਜਾਇ ਵੰਡ ਦੇ ਅਸਲੀ ਕਾਰਨਾਂ ਤੇ ਇਨਸਾਨੀ ਸਰੋਕਾਰਾਂ ਦੀ ਅਸਲ ਤਸਵੀਰ ਨਵੀਂ ਪੀੜ੍ਹੀ ਤੱਕ ਨਵੇਂ ਸੰਚਾਰ ਮਾਧਿਅਮਾਂ ਰਾਹੀਂ ਪਹੁੰਚਾਉਣੀ ਚਾਹੀਦੀ ਹੈ। ਉਹਨਾਂ ਆਪਣੀ ‘ਮੱਲ੍ਹਮ’ ਕਹਾਣੀ ਦੇ ਪਾਤਰ ਨੂੰ ਭਾਈ ਘਨੱਈਆ ਜੀ ਦੇ ਅਸਲੀ ਵਾਰਿਸ ਮੰਨਦਿਆਂ, ”ਜ਼ਖ਼ਮ ਦੇਖੀਂ, ਜ਼ਾਤ ਨਾ ਦੇਖੀਂ” ਸੰਵਾਦ ਜ਼ਰੀਏ ਸਰੋਤਿਆਂ ਨੂੰ ਆਮ ਜੀਵਨ ਵਿਚੋਂ ਪਸੰਦ ਆਏ ਕਿਸੇ ਸੰਵਾਦ, ਘਟਨਾ ਤੇ ਅਨੁਭਵ ਨੂੰ ਲਿਖ ਕੇ ਸਾਂਭਣ ਦੀ ਤਾਕੀਦ ਕੀਤੀ ਅਤੇ ਜ਼ਰੀਏ ਵੰਡ ਸਮੇਂ ਵਿੱਚ ਅਡੋਲ, ਨਿਡਰ, ਸੌੜੇ ਮੰਤਵਾਂ ਤੋਂ ਪਰ੍ਹੇ ਨਿਰੋਲ ਇਨਸਾਨੀ ਕੀਮਤਾਂ ਦੀ ਰਾਖੀ ਕਰਨ ਵਾਲੇ ਉਹਨਾਂ ਜੁਝਾਰੂ ਬੰਦਿਆਂ ਦੀਆਂ ਜੀਵਨੀਆਂ ਜਾਂ ਜੀਵਨ ਘਟਨਾਵਾਂ ਨੂੰ ਨਵੀਂ ਪੀੜ੍ਹੀ ਵਿਚ ਲੋਕ ਨਾਇਕ ਦੇ ਤੌਰ ‘ਤੇ ਉਭਾਰਨ ਲਈ ਸਿਲੇਬਸਾਂ ਵਿਚ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ।
ਇਸ ਤੋਂ ਪਹਿਲਾਂ ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਦੀਪ ਸਿੰਘ ਨੇ ਵਿਸ਼ੇ ਤੇ ਵਕਤਾ ਦੀ ਚੋਣ ਅਤੇ ਪ੍ਰੋਗਰਾਮ ਦੀ ਮੁੱਢਲੀ ਰੂਪ-ਰੇਖਾ ਉੱਤੇ ਰੌਸ਼ਨੀ ਪਾਈ। ਉਹਨਾਂ ਪੰਜਾਬੀ ਕਹਾਣੀ ਜਗਤ ਵਿੱਚ ਸਾਂਵਲ ਧਾਮੀ ਦਾ ਵਿਸ਼ੇਸ਼ ਸਥਾਨ ਨਿਸ਼ਚਿਤ ਕਰਦਿਆਂ ਸਾਂਵਲ ਧਾਮੀ ਨੂੰ ਅਣਗੌਲ਼ੇ ਮਨੁੱਖੀ ਅਨੁਭਵਾਂ ਨੂੰ ਦਰਦ ਦੀ ਦਾਸਤਾਨ ਬਣਾ ਕੇ ਪੇਸ਼ ਕਰਨ ਵਾਲਾ ਮਾਰਮਿਕ ਕਹਾਣੀਕਾਰ ਦੱਸਿਆ।
ਡਾ. ਵੀਰਪਾਲ ਕੌਰ ਨੇ ਕਹਾਣੀਕਾਰ ਸਾਂਵਲ ਧਾਮੀ ਦੇ ਜੀਵਨ-ਸਫ਼ਰ, ਰਚਨਾ-ਸੰਸਾਰ, ਰਚਨਾ-ਸਰੋਕਾਰ, ਕਲਾਤਮਕ ਵਿਧੀਆਂ ਤੇ ਪ੍ਰਾਪਤ ਮਾਣ-ਸਨਮਾਨਾਂ ਤੋਂ ਸਰੋਤਿਆਂ ਨੁੰ ਜਾਣੂੰ ਕਰਵਾਇਆ। ਡਾ. ਦਵਿੰਦਰ ਸਿੰਘ ਨੇ ਵਿਸ਼ਾ, ਵਕਤਾ ਅਤੇ ਵਿਦਿਆਰਥੀਆਂ ਵਿੱਚ ਮੰਚ ਸੰਚਾਲਕ ਵਜੋਂ ਇੱਕ ਪੁਲ਼ ਦਾ ਕੰਮ ਕੀਤਾ। ਸਮੇਂ-ਸਮੇਂ ਢੁੱਕਵੀਆਂ ਟਿੱਪਣੀਆਂ ਜ਼ਰੀਏ ਵਕਤਾ ਦੇ ਕਈ ਰਚਨਾ ਪੱਖਾਂ ਨੁੰ ਵਰਤਮਾਨ ਪ੍ਰਸੰਗਾਂ ਨਾਲ ਜੋੜ ਕੇ ਸਮਕਾਲੀ ਸਮਾਜਕ ਪ੍ਰਸਥਿਤੀਆਂ ਨੂੰ ਸਮਝਣ ਦਾ ਆਧਾਰ ਦਿੱਤਾ।
ਇਸ ਆਨਲਾਈਨ ਲੈਕਚਰ ਵਿੱਚ ਪੰਜਾਬੀ ਵਿਭਾਗ ਦੇ ਸਮੂਹ ਅਧਿਆਪਕ ਸਾਹਿਬਾਨ ਤੋਂ ਇਲਾਵਾ ਕਾਲਜ ਦੇ ਹੋਰਨਾਂ ਵਿਭਾਗਾਂ ਦੇ ਸੀਨੀਅਰ ਫੈਕਲਟੀ ਮੈਂਬਰਾਂ ਅਤੇ ਭਰਵੀਂ ਗਿਣਤੀ ਵਿੱਂਚ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਵਿਦਿਆਰਥੀਆਂ ਦੀ ਜਗਿਆਸੂ ਬਿਰਤੀ ਚੋਂ ਆਏ ਸੁਆਲਾਂ ਦੇ ਜੁਆਬ ਵਿਦਵਾਨ ਵਕਤਾ ਨੇ ਬੜੀ ਸਹਿਜਤਾ ਅਤੇ ਸੰਤੁਸ਼ਟੀ ਨਾਲ ਦਿੱਤੇ।
ਧੰਨਵਾਦੀ ਸ਼ਬਦ ਕਹਿੰਦਿਆਂ ਡਾ. ਮਨਜੀਤ ਕੌਰ ਨੇ ਇਸ ਲੈਕਚਰ ਨੂੰ ਸਫ਼ਲ ਬਣਾਉਣ ਹਿੱਤ ਸਾਰੀਆਂ ਧਿਰਾਂ ਦਾ ਧੰਨਵਾਦ ਕੀਤਾ ਅਤੇ ਸਾਂਵਲ ਧਾਮੀ ਦੀਆਂ ਕਹਾਣੀਆਂ ਦੇ ਕੁਝ ਵਿਸ਼ੇਸ਼ ਗੌਲਣਯੋਗ ਪੱਖਾਂ ਤੋਂ ਵਿਦਿਆਰਥੀਆਂ ਨੂੰ ਜਾਣੂੰ ਕਰਵਾਇਆ। ਇਸ ਆਨਲਾਈਨ ਲੈਕਚਰ ਨੂੰ ਤਕਨੀਕੀ ਪੱਖ ਤੋਂ ਸੁਚਾਰੂ ਢੰਗ ਨਾਲ ਚਲਾਉਣ ਵਿਚ ਡਾ. ਰੋਹਿਤ ਸਚਦੇਵਾ ਨੇ ਅਹਿਮ ਭੂਮਿਕਾ ਨਿਭਾਈ।