ਪਟਿਆਲਾ: 9 ਸਤੰਬਰ, 2016

“’ਸਾਹਿਤ ਦੀ ਸਮਝ“’ ਵਿਸ਼ੇ ਉਂਤੇ ਵਿਸ਼ੇਸ਼ ਭਾਸ਼ਣ

ਗੋਲਡਨ ਜੁਬਲੀ ਸੈਸ਼ਨ ਦੇ ਲੜੀਵਾਰ ਪ੍ਰੋਗਰਾਮਾਂ ਤਹਿਤ, ਅੱਜ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਚ ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਨੇ ਐਮ.ਏ. (ਪੰਜਾਬੀ) ਦੇ ਵਿਦਿਆਰਥੀਆਂ ਲਈ “ਸਾਹਿਤ ਦੀ ਸਮਝ“ ਵਿਸ਼ੇ ਤੇ ਵਿਸੇyਸ਼ ਭਾਸ਼ਣ ਆਯੋਜਿਤ ਕੀਤਾ। ਡਾ. ਸਤਿਨਾਮ ਸਿੰਘ ਸੰਧੂ, ਪ੍ਰੋਫੈਸਰ ਪੰਜਾਬੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਵਿਦਵਾਨ-ਵਕਤਾ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਮੁਖ਼ਾਤਿਬ ਹੁੰਦਿਆਂ ਜ਼ਿੰਦਗੀ ਦੀਆਂ ਹਕੀਕਤਾਂ ਤੋਂ ਜਾਣੂ ਹੋਣ ਅਤੇ ਸਹੀ ਸਾਹਿਤ ਦੀ ਚੋਣ ਸਬੰਧੀ ਸੁਚੇਤ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਅਜੋਕੇ ਦੌਰ ਵਿਚ ਪਾਠਕਾਂ ਦੀ ਸਾਹਿਤ ਪ੍ਰਤੀ ਰੁਚੀ ਘਟ ਰਹੀ ਹੈ ਤਾਂ ਇਸ ਦਾ ਮੂਲ ਕਾਰਨ ਅਜੋਕੇ ਸਮੇਂ ਹੋਂਦ ਵਿਚ ਆ ਰਹੇ ਵਧੇਰੇ ਸਾਹਿਤ ਦਾ ਜੀਵਨ ਦੇ ਮੂਲ ਸਰੋਕਾਰਾਂ ਤੋਂ ਟੁੱਟੇ ਹੋਣਾ ਅਤੇ ਲੇਖਕਾਂ ਵਿਚ ਸੱਚ ਕਹਿਣ ਦੀ ਜੁੱਰਅਤ ਤੋਂ ਟਾਲਾ ਵੱਟਣਾ ਹੈ। ਸਮੇਂ ਦੇ ਸੱਚ ਨੂੰ ਲਿਖਤ ਦਾ ਸੱਚ ਬਣਾ ਕੇ ਹੀ ਅਜੋਕੇ ਯੁੱਗ ਵਿਚ ਸਾਹਿਤ ਦੀ ਪ੍ਰਸੰਗਿਕਤਾ ਕਾਇਮ ਕੀਤੀ ਜਾ ਸਕਦੀ ਹੈ ਅਤੇ ਪਾਠਕ ਸਾਹਿਤ ਦਾ ਸਹੀ ਪਰਿਪੇਖ ਵੀ ਤਾਂ ਹੀ ਸਮਝਣ ਦੇ ਸਮਰੱਥ ਹੋ ਸਕਦਾ ਹੈ ਜੇਕਰ ਉਹ ਜ਼ਿੰਦਗੀ ਦੇ ਯਥਾਰਥ ਨਾਲ ਬਾਵਸਤਾ ਹੈ।

ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਵਿਦਵਾਨ-ਵਕਤਾ ਦਾ ਸਵਾਗਤ ਕਰਦਿਆਂ ਹੋਇਆਂ ਕਿਹਾ ਕਿ ਬਿਹਤਰ ਇਨਸਾਨ ਦੀ ਸਿਰਜਨਾ ਅਤੇ ਉਸਾਰੂ ਵਿਚਾਰਧਾਰਾ ਲਈ ਮੰਚ ਮੁੱਹਈਆ ਕਰਵਾਉਣਾ ਹੀ ਵਿਦਿਅਕ ਸੰਸਥਾਵਾਂ ਦਾ ਅਸਲ ਉਦੇਸ਼ ਹੁੰਦਾ ਹੈ। ਇਸੇ ਮਕਸਦ ਨੂੰ ਮੁੱਖ ਰੱਖਦਿਆਂ ਕਾਲਜ ਵਲੋਂ ਸਮੇਂ ਸਮੇਂ ਵਿਦਿਆਰਥੀਆਂ ਲਈ ਅਜਿਹੇ ਵਿਸ਼ੇਸ਼ ਭਾਸ਼ਣ ਉਲੀਕੇ ਜਾਂਦੇ ਹਨ।

ਪੰਜਾਬੀ ਵਿਭਾਗ ਦੇ ਮੁਖੀ ਡਾ. ਗੁਰਦੀਪ ਸਿੰਘ ਸੰਧੂ ਨੇ ਵਿਦਵਾਨ-ਵਕਤਾ ਨੂੰ ਵਿਦਿਆਰਥੀਆਂ ਨਾਲ ਰੂ-ਬ-ਰੂ ਕਰਵਾਇਆ ਅਤੇ ਵਿਸ਼ੇ ਦੀ ਚੋਣ ਦੇ ਮਹੱਤਵ ਅਤੇ ਜ਼ਿੰਦਗੀ ਵਿਚ ਸਾਹਿਤ ਦੀ ਭੂਮਿਕਾ ਤੇ ਚਰਚਾ ਕੀਤੀ। ਵਿਦਿਆਰਥੀਆਂ ਨੇ ਵਿਸ਼ੇ ਨਾਲ ਸਬੰਧਿਤ ਪ੍ਰਸੰਗਿਕ ਅਤੇ ਉਸਾਰੂ ਸਵਾਲ ਉਠਾਏ, ਜਿਨ੍ਹਾਂ ਦਾ ਵਿਦਵਾਨ ਵਕਤਾ ਨੇ ਤਸੱਲੀਬਖ਼ਸ ਜਵਾਬ ਦਿੱਤਾ। ਪ੍ਰੋਗਰਾਮ ਦੇ ਅਖੀਰ ਵਿਚ ਪ੍ਰੋ. (ਡਾ.) ਮਨਜੀਤ ਕੌਰ ਨੇ ਧੰਨਵਾਦ ਦੇ ਸ਼ਬਦ ਕਹੇ। ਇਸ ਸਮੇਂ ਵਿਭਾਗ ਦੇ ਸਮੂਹ ਅਧਿਆਪਕ ਸ਼ਾਮਿਲ ਸਨ।